1947 ਹਿਜਰਤਨਾਮਾ 80 : ਗੁਰਮੇਜ ਸਿੰਘ ਮਾਲੜੀ

Saturday, Jul 06, 2024 - 06:28 PM (IST)

1947 ਹਿਜਰਤਨਾਮਾ 80 : ਗੁਰਮੇਜ ਸਿੰਘ ਮਾਲੜੀ

'ਬਾਰ ਦਾ ਸਫ਼ਰ ਬੁਰੇ ਸੁਫ਼ਨੇ ਦੀ ਨਿਆਈਂ ਸੀ'

"ਮੈਂ ਗੁਰਮੇਜ ਸਿੰਘ ਕੌਮ ਜੱਟ ਸਿੱਖ ਪੁਰੇਵਾਲ ਪਿੰਡ ਮਾਲੜੀ-ਨਕੋਦਰ ਤੋਂ ਆਂ। ਸਾਡਾ ਜੱਦੀ ਪਿੰਡ ਇਥੋਂ ਨੇੜੇ ਪੈਂਦਾ ਸ਼ੰਕਰ ਆ। ਇਸ ਪਿੰਡ ਵਿੱਚ ਸਾਨੂੰ ਬਾਰ ਵਾਲੀ ਜ਼ਮੀਨ ਬਦਲੇ, ਜ਼ਮੀਨ ਅਲਾਟ ਹੋਈ। ਇਹ, ਕਾਮੇ ਜਾਂ ਹੁਨਰਮੰਦ ਕਾਮਿਆਂ ਨੂੰ ਛੱਡ ਕੇ ਸਾਰਾ ਪਿੰਡ ਈ ਮੁਸਲਿਮ ਭਾਈਚਾਰੇ ਦਾ ਸੀ। '47 ਵਿੱਚ, ਸਾਡੇ ਵਾਂਗ ਹੀ ਉਨ੍ਹਾਂ ਨੂੰ ਵੀ ਉਜੜਨਾ ਪਿਆ। ਇਥੇ ਬਹੁਤੇ ਜਿੰਮੀਦਾਰ ਸਰੀਂਹ-ਸ਼ੰਕਰ ਤੋਂ ਅਲਾਟੀ ਨੇ।

ਮੇਰੇ ਬਾਬਾ ਠਾਕੁਰ ਸਿੰਘ ਪਹਿਲਿਆਂ ਸਮਿਆਂ ਵਿੱਚ ਬਾਰ ਨੂੰ ਗਏ। ਚੱਕ ਸੀ 234 ਗਾਫ.ਬੇ.(ਗੋਗੇਰਾ ਬ੍ਰਾਂਚ) ਜੜ੍ਹਾਂਵਾਲਾ। ਸਾਨੂੰ ਉਥੇ ਕੋਈ ਮੁਰੱਬਾ ਅਲਾਟ ਨਹੀਂ ਸੀ। ਬਾਬਾ ਜੀ ਬਾਰ ਤੋਂ ਪਹਿਲਾਂ ਕਈ ਸਾਲ ਆਸਟ੍ਰੇਲੀਆ ਲਾਕੇ ਆਏ। ਚੰਗਾ ਪੈਸਾ ਸੀ ਸੋ ਡੂਢ ਮੁਰੱਬਾ ਉਨ੍ਹਾਂ ਮੁੱਲ ਖਰੀਦ ਲਿਆ। ਉਨ੍ਹਾਂ ਆਪਣੇ ਤਿੰਨੋਂ ਬੇਟਿਆਂ, ਮੇਰੇ ਬਾਪ ਪ੍ਰੀਤਮ ਸਿੰਘ, ਤਾਇਆ ਰਣਜੀਤ ਸਿੰਘ ਅਤੇ ਚਾਚਾ ਮੱਣਸਾ ਸਿੰਘ ਨੂੰ ਵੀ ਉਥੇ ਬੁਲਾ ਲਿਆ। 

ਅਸੀਂ 3 ਭਾਈ ਹਾਂ। ਮੈਂ, ਸਾਧੂ ਸਿੰਘ ਤੇ ਦਰਸ਼ਣ ਸਿੰਘ। ਸਾਡੀਆਂ 3 ਹੀ ਭੈਣਾਂ ਨੇ। ਦੋ ਭੈਣਾਂ ਰੌਲਿਆਂ ਤੋਂ ਪਹਿਲਾਂ ਹੀ ਜਮਸ਼ੇਰ-ਜਲੰਧਰ ਵਿਆਹੀਆਂ ਹੋਈਆਂ ਸਨ। ਤੀਜੀ ਇਧਰ ਆ ਕੇ ਭੈਣੀ ਪਿੰਡ ਵਿਆਹੀ। ਸਾਡੇ ਸਾਰੇ ਭੈਣ-ਭਰਾਵਾਂ ਦਾ ਜਨਮ ਬਾਰ ਦਾ ਹੀ ਏ। ਰੌਲਿਆਂ ਵੇਲੇ ਮੈਂ ਕੋਈ 12 ਵੇਂ ਸਾਲ 'ਚ ਸਾਂ। ਮੈਂ ਸਕੂਲ ਨਹੀਂ ਗਿਆ। ਪਿੰਡ ਵਿੱਚ ਗੁਰਦੁਆਰਾ ਸਿੰਘ ਸਭਾ ਸੀ। ਉਥੇ ਦੋ ਸਕੇ ਭਰਾ ਪਾਠੀ, ਨਿਰੰਜਣ ਸਿੰਘ ਅਤੇ ਗੁਰਮੁੱਖ ਸਿੰਘ ਹੁੰਦੇ। ਉਹ ਨਿਆਣਿਆਂ ਨੂੰ ਮਿੱਟੀ ਤੇ ਹੀ ਉਂਗਲ਼ ਨਾਲ ੳ ਅ ਸਿਖਾਉਂਦੇ, ਨਾਲ ਗਤਕਾ ਵੀ। ਪਰ ਅਫ਼ਸੋਸ ਕਿ ਸਕੂਲ ਤਾਂ ਇਕ ਪਾਸੇ ਮੈਂ, ਗੁਰਦੁਆਰੇ ਵੀ ਪੜ੍ਹਨ ਨਹੀਂ ਗਿਆ। ਹੁਣ ਤੱਕ ਕੋਰਾ ਈ ਆਂ। 

ਫ਼ਸਲਾਂ ਵਿਚ ਨਰਮਾ, ਕਣਕ, ਕਮਾਦ, ਮੱਕੀ ਬੀਜਦੇ। ਜਿਣਸ ਗੱਡਿਆਂ ਤੇ ਲੱਦ ਕੇ ਜੜ੍ਹਾਂਵਾਲਾ ਮੰਡੀ ਵੇਚਦੇ। ਗੁਆਂਢੀ ਪਿੰਡਾਂ ਵਿੱਚ ਚੱਕ 233-35-36 ਸਨ। ਪਿੰਡ ਨਾਲ ਖਹਿ ਕੇ ਵੱਡੀ ਨਹਿਰ ਲੰਘਦੀ। ਆਲੇ ਦੁਆਲੇ 3-4 ਵੱਡੇ ਛੱਪੜ/ਢਾਬਾਂ ਹੁੰਦੀਆਂ। ਉਨ੍ਹਾਂ ਵਿੱਚ ਬਰਸਾਤੀ ਪਾਣੀ ਜਮ੍ਹਾਂ ਰਹਿੰਦਾ। ਲੋੜ ਪੈਣ ਤੇ ਕਈ ਬਾਰ ਨਹਿਰ ਦਾ ਵਾਧੂ ਪਾਣੀ ਵੀ ਛੱਡ ਦਿੰਦੇ। ਪਸ਼ੂਆਂ, ਕੱਪੜੇ ਧੋਣ ਵਗੈਰਾ ਲਈ ਪਾਣੀ ਵਰਤਦੇ। ਪਿੰਡ ਵਿੱਚਕਾਰ ਇੱਕ ਖੂਹੀ ਸੀ ਜਿਥੋਂ ਸੁੱਚਾ ਮਹਿਰਾ ਘੜਿਆਂ ਵਿੱਚ ਪਾਣੀ ਢੋਂਦਾ, ਉਦੇ ਘਰੋਂ ਭੱਠੀ ਤੇ ਦਾਣੇ ਭੁੰਨਦੀ। ਖੁਸ਼ੀ ਗਮੀ ਮੌਕੇ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਭੁਗਤਾਉਂਦੇ। ਸਰਦਿਆਂ ਘਰਾਂ ਵਿੱਚ ਨਲ਼ਕੇ ਵੀ ਹੁੰਦੇ।

ਪਿੰਡ ਵਿੱਚ 3 ਹੱਟੀਆਂ,ਇਕ ਦਰਜ਼ੀ,ਇਕ ਮੋਚੀ ਦੀ ਦੁਕਾਨ। ਪਿੰਡ ਵਿੱਚ ਸਕੂਲ ਨਹੀਂ ਸੀ। ਦੋ ਕੁ ਕੋਹ ਦੀ ਵਾਟ ਤੇ ਚੱਕ ਰੋਡੀ ਚ ਨਿਆਣੇ ਪੜਨ ਜਾਂਦੇ। ਪਿੰਡ ਵਿੱਚ ਬਹੁਤੇ ਘਰ ਮਲਵਈ ਸਿੱਖਾਂ ਦੇ ਜੋ ਕਿ ਰੌਲਿਆਂ ਉਪਰੰਤ ਬਹੁਤੇ ਲੌਂਗੋਵਾਲ ਦੇ ਆਸ ਪਾਸ ਪਿੰਡਾਂ ਵਿੱਚ ਬੈਠੇ। ਸਾਡੇ ਦੋ ਘਰ ਦੁਆਬੀਆਂ ਦੇ, ਮੱਜ੍ਹਬੀ ਸਿੱਖਾਂ ਦੀ ਵੱਖਰੀ ਬਸਤੀ, ਖੇਤਾਂ ਵਿੱਚ ਬਹੁਤੇ ਕਾਮੇ ਉਨ੍ਹਾਂ 'ਚੋਂ ਹੀ ਸਨ। ਪਿੰਡ ਵਿੱਚ ਖ਼ਾਸ ਇਹ ਸੀ ਬਈ ਜਿੰਮੀਦਾਰ, ਬ੍ਰਾਹਮਣ, ਝੀਰ, ਬਾਲਮੀਕ, ਛੀਂਬੇ, ਨਾਈ ਸਾਰੇ ਹੀ ਕੇਸਾਧਾਰੀ ਸਿੱਖ ਸਨ, ਸਿਰਫ਼ ਦੋ ਘਰ ਮੁਸਲਿਮ ਲੁਹਾਰ-ਤਰਖਾਣਾਂ ਦੇ। ਇਕ ਦਾ ਨਾਮ ਮੁਹੰਮਦੀ। ਉਹੀ ਪਿੰਡ ਵਿੱਚ ਲੁਹਾਰਾ-ਤਰਖਾਣਾਂ ਕੰਮ ਕਰਦੇ। ਸਾਰੀਆਂ ਬਰਾਦਰੀਆਂ ਮਿਲ ਜੁਲ ਕੇ ਰਹਿੰਦੀਆਂ। ਦੁੱਖ-ਸੁੱਖ ਵਿਚ ਇਕ ਦੂਜੇ ਦੇ ਕੰਮ ਆਉਂਦੇ।

ਪਿੰਡ ਵਿੱਚ ਕਤਲ: 
ਪਿੰਡ ਦੇ ਚੌਧਰੀਆਂ ਵਿੱਚ ਬਾਬਾ ਠਾਕੁਰ ਸਿੰਘ ਜੀ ਦਾ ਨਾਮ ਵੱਜਦਾ। ਦਲੀਪ ਸਿੰਘ ਲੰਬੜਦਾਰ ਹੋਰੀਂ ਚਾਰ ਭਰਾ ਵੀ ਚੌਧਰੀਆਂ ਵਿੱਚ ਬੋਲਦੇ। ਦੂਜੇ ਪਾਸੇ ਚੌਧਰੀਆਂ ਦਾ ਇਕ ਹੋਰ ਟੋਲਾ ਲੰਬੜਦਾਰ ਕਿਹਰ ਸਿੰਘ-ਭਾਨ ਸਿੰਘ ਦਾ ਸੀ। ਉਨ੍ਹਾਂ ਦਾ ਆਪਸੀ ਤਕਰਾਰ ਰਹਿੰਦਾ। ਇਕ ਦਿਨ ਕਿਹਰ-ਭਾਨ ਵਲੋਂ ਦਲੀਪ ਸਿੰਘ ਲੰਬੜਦਾਰ ਅਤੇ ਉਹਦੇ ਤਿੰਨ ਭਰਾਵਾਂ ਦਾ ਬੰਦੂਕ ਨਾਲ ਕਤਲ ਕਰ ਦਿੱਤਾ। ਇਹ ਵਾਕਿਆ ਸਾਡੇ ਜਨਮ ਤੋਂ ਪਹਿਲਾਂ ਦਾ ਕੋਈ 1930-32 ਦਾ ਹੋਵੇਗਾ। ਕੇਹਰ-ਭਾਨ ਨੂੰ ਉਸ ਕਤਲ ਵਿੱਚ ਫਾਂਸੀ ਹੋ ਗਈ। ਉਦੋਂ ਤੋਂ ਹੀ ਸਾਡਾ ਚੱਕ 'ਕੇਹਰ-ਭਾਨ ਵਾਲਾ 34' ਵਜੋਂ ਮਸ਼ਹੂਰ ਹੋ ਗਿਆ।

ਆਜ਼ਾਦੀ ਦਾ ਬਿਗੁਲ ਵੱਜਿਆ:
ਉਦੋਂ ਅੱਜ ਵਾਂਗ ਅਖ਼ਬਾਰਾਂ, ਟੀ.ਵੀ. ਨਹੀਂ ਸਨ ਹੁੰਦੇ। ਸ਼ਹਿਰ ਜਾਂਦਾ ਤਾਂ ਕੋਈ ਖ਼ਬਰ ਸਾਰ ਲਿਆਉਂਦਾ। ਇਵੇਂ ਹੌਲੀ-ਹੌਲੀ ਖਬਰਾਂ ਆਉਣ ਲੱਗੀਆਂ ਕਿ ਫ਼ਿਰੰਗੀ ਦਾ ਰਾਜ ਖ਼ਤਮ ਹੋ ਕੇ ਭਾਰਤ ਆਜ਼ਾਦ ਹੋਵੇਗਾ,ਪਾਕਿਸਤਾਨ ਬਣੇਗਾ। ਹੁਣ ਸਾਨੂੰ ਇਥੋਂ ਉਠਣਾ ਪਵੇਗਾ। ਇਵੇਂ ਇਕ ਦਿਨ, ਦਿਨ ਚੜ੍ਹਦੇ ਨੂੰ ਦਾਊਆਣਾ ਸ਼ੰਕਰ ਤੋਂ ਜਾਣੂੰ ਬੰਦੇ ਆਕੇ ਸੁਚੇਤ ਕਰ ਗਏ ਕਿ ਆਪਣੀ ਸੁਰੱਖਿਆ ਲਈ ਹਥਿਆਰ ਬੰਦ ਹੋਵੇ, ਪਹਿਰਾ ਲਾਵੋ। ਹੁਣ ਇਥੋਂ ਉਠ ਕੇ ਵਾਪਸ ਹਿੰਦੋਸਤਾਨ ਜਾਣਾ ਪਵੇਗਾ। ਮਾਰ-ਧਾੜ ਵਧ ਗਈ ਤਾਂ ਸਾਰੇ ਮੋਹਤਬਰਾਂ, ਇਕ ਦਿਨ ਕੱਠ ਕਰਕੇ ਪਿੰਡ ਛੱਡਣ ਦਾ ਫ਼ੈਸਲਾ ਕੀਤਾ। ਦੂਜੇ ਦਿਨ ਸਵੇਰ ਦਾ ਲੰਗਰ ਪਾਣੀ ਕਿਸੇ ਦੇ ਮਾੜਾ ਮੋਟਾ ਲੰਘਿਆ ਕਿਸੇ ਦੇ ਨਹੀਂ। 'ਅੱਗੇ ਤੇਰੇ ਭਾਗ ਲੱਛੀਏ' ਕਹਿ ਕੇ ਪਸ਼ੂਆਂ ਦੇ ਰੱਸੇ ਖੋਲ੍ਹ ਦਿੱਤੇ। ਹੱਥੀਂ ਬਣਾਈ ਸੰਵਾਰੀ ਬਾਰ, ਜਰਖੇਜ਼ ਮੁਰੱਬਿਆਂ ਨੂੰ ਅਖ਼ੀਰੀ ਫਤਹਿ ਬੁਲਾ, ਗਹਿਣਾ ਗੱਟਾ, ਕੁੱਝ ਕੱਚੀ ਰਸਦ ਗੱਡਿਆਂ ਤੇ ਧਰ ਕੇ ਦਾਊਆਣਾ ਸ਼ੰਕਰ ਲਈ ਗੱਡੇ ਹੱਕ ਲਏ। ਹਫ਼ਤਿਆਂ ਬੱਧੀ ਉਥੇ ਰੁਕੇ ਰਹੇ। ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਲੋਕ ਉਠ ਕੇ ਆ ਗਏ। 'ਕੱਠ ਇਕ ਵੱਡੇ ਰਫਿਊਜੀ ਕੈਂਪ ਦਾ ਰੂਪ ਧਾਰ ਗਿਆ। ਨਿੱਕ ਸੁੱਕ ਜੋ ਵੀ ਪੱਕਦਾ ਜਾਂ ਮਿਲਦਾ ਖਾ ਲੈਂਦੇ।

ਕਾਫ਼ਲਾ ਤੁਰ ਪਿਆ:
ਫਿਰ ਇਕ ਦਿਨ ਕਾਫ਼ਲਾ ਤੁਰ ਪਿਆ। ਬੀਮਾਰ, ਠਿਮਾਰ, ਬੱਚੇ ਗੱਡਿਆਂ ਤੇ, ਬਾਕੀ ਤੁਰ ਕੇ ਹਿੰਦੋਸਤਾਨ ਨੂੰ ਹੋ ਤੁਰੇ। ਫਲਾਹੀ ਵਾਲਾ ਪਹੁੰਚੇ ਤਾਂ ਉਥੇ ਲੁੱਟ-ਖੋਹ, ਉਧਾਲੇ ਦੀ ਬਿਰਤੀ ਵਾਲਿਆਂ ਕਾਫ਼ਲੇ ਉਪਰ ਹਮਲਾ ਕੀਤਾ। ਕਈ ਮਾਰੇ ਗਏ, ਫੱਟੜ ਹੋਏ। ਸਬੱਬੀਂ ਡੋਗਰਾ ਮਿਲਟਰੀ ਆਈ ਤਾਂ ਦੰਗੱਈ ਭੱਜ ਉੱਠੇ। ਉਨ੍ਹਾਂ ਭੱਜਦਿਆਂ ਤੇ ਡੋਗਰਾ ਮਿਲਟਰੀ ਨੇ ਗੋਲ਼ੀ ਚਲਾਈ ਤਾਂ ਦਰਜਣਾਂ ਦੰਗੱਈ ਮਾਰੇ ਗਏ। ਇਵੇਂ ਭੁੱਖ ਤੇਹ ਨਾਲ ਘੁਲਦੇ, ਸਮੇਂ ਦੇ ਹਾਲਾਤਾਂ ਦੇ ਮਾਰਿਆਂ ਦਾ ਕਾਫ਼ਲਾ ਵੱਧਦਾ ਗਿਆ। ਮੀਂਹ ਕਣੀ ਹੜਾਂ ਮਾਰੇ ਰਸਤੇ, ਪਸ਼ੂਆਂ ਦੇ ਪੱਠਾ ਦੱਥਾ, ਰਸਦ ਪਾਣੀ ਦੀ ਔਖਿਆਈ ਝਾਗਦੇ ਕਸੂਰ-ਖੇਮਕਰਨ-ਤਰਨਤਾਰਨ-ਅੰਮਿ੍ਤਸਰ ਸਾਹਿਬ ਆਣ ਕਯਾਮ ਕੀਤਾ। ਉਥੇ ਕੈਂਪ ਵਿੱਚ ਵਿਚ ਇਕ ਰਾਤ ਰਹੇ। ਫਿਰ ਗੱਡਿਆਂ ਦਾ ਕਾਫ਼ਲਾ ਸ਼ੰਕਰ ਲਈ ਵਧਿਆ। ਬਿਆਸ ਦਰਿਆ ਤੇ ਸਾਡੇ ਵਾਂਗ ਹੀ ਇਧਰੋਂ ਉਜੜਕੇ ਜਾਂਦੇ ਮੁਸਲਿਮ ਕਾਫ਼ਲੇ ਦੀ ਵੱਡੀ ਵਹੀਰ ਨਾਲ ਟਾਕਰਾ ਹੋਇਆ। ਕਰੀਬ ਸ਼ੰਕਰ ਸਿੰਜ ਦੇ ਦਿਨ ਸਨ ਜਦ ਸ਼ਾਮ ਦੇ ਘੁਸ ਮੁਸੇ ਵੇਲੇ ਜੱਦੀ ਪਿੰਡ ਸ਼ੰਕਰ ਆ ਪਹੁੰਚੇ। ਲੁੱਟ-ਖੋਹ ਅਤੇ ਮਾਰ-ਧਾੜ ਉਦੋਂ ਬਹੁਤ ਮਚੀ ਪਰ ਸਾਡੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੰਜ ਮਹਿਸੂਸ ਹੁੰਦੈ ਕਿ ਬਾਰ ਦਾ ਸਫ਼ਰ ਬੁਰੇ ਸੁਫ਼ਨੇ ਦੀ ਨਿਆਈਂ ਸੀ। ਜੋ ਆਇਆ ਤੇ ਲੰਘ ਗਿਆ।
                        
ਮੇਰੇ ਘਰ ਦੋ ਬੇਟੇ ਗੁਰਪ੍ਰੀਤ ਸਿੰਘ,ਸਤਨਾਮ ਸਿੰਘ ਅਤੇ ਦੋ ਬੇਟੀਆਂ ਪੈਦਾ ਹੋਈਆਂ। ਇਸ ਵਕ਼ਤ ਮੈਂ ਬੇਟਾ ਗੁਰਪ੍ਰੀਤ ਸਿੰਘ ਪਾਸ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਿਹੈਂ। ਨੂੰਹ ਰਾਣੀ ਅਤੇ ਪੁੱਤ ਪੜੋਤਿਆਂ ਦੀ ਸੇਵਾ ਭਾਵਨਾ ਨਾਲ ਘਰ ਦੇ ਹਾਲਾਤ ਪੁਰ ਸਕੂਨ ਨੇ।  

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526


author

rajwinder kaur

Content Editor

Related News