1947 ਹਿਜਰਤਨਾਮਾ-60 : ਦੌਲਤ ਸਿੰਘ ਗਿੱਲ

Tuesday, Jun 14, 2022 - 01:41 PM (IST)

1947 ਹਿਜਰਤਨਾਮਾ-60 : ਦੌਲਤ ਸਿੰਘ ਗਿੱਲ

'ਕਰਨੈਲੀ ਕਿਆਂ ਨੇ ਤੱਤੀ ਵਾਅ ਨਾ ਲੱਗਣ ਦਿੱਤੀ'

"ਮੇਰਾ ਨਾਮ ਦੌਲਤ ਸਿੰਘ ਐ। ਹਰਬੰਸ ਅਤੇ ਰਾਮ ਚੰਦ ਮੇਰੇ ਵੱਡੇ ਭਰਾ ਸਨ। ਪਿਤਾ ਜੀ ਦਾ ਨਾਮ ਸੀ ਜੱਗੂ। ਲੱਭੂ ਤੇ ਭਗਤੂ ਮੇਰੇ ਚਾਚਾ-ਤਾਇਆ ਜੀ ਹੁੰਦੇ। ਬਾਬਾ ਜੀ ਦਾ ਨਾਮ ਸੀ ਗੁਲਾਬਾ। ਜੱਦੀ ਪਿੰਡ ਤਾਂ ਸਾਡਾ ਕੰਦੋਲਾ-ਨੂਰਮਹਿਲ ਐ। 1920 ਦੇ ਕਰੀਬ ਪਿਤਾ ਜੀ ਦੀ ਸ਼ਾਦੀ ਜਮਸ਼ੇਰ-ਜਲੰਧਰ ਦੀ ਧੀ ਉਮਰੀ ਨਾਲ ਹੋਈ। ਉਪਰੰਤ, ਪਿੰਡ ਦੇ ਕਿਸੇ ਲਿਹਾਜ਼ੀ ਜਿੰਮੀਦਾਰ ਨਾਲ ਕਾਮੇ ਵਜੋਂ ਮਿੰਟਗੁਮਰੀ, ਗੰਜੀਬਾਰ ਦੇ ਇਕ ਚੱਕ ਵਿੱਚ ਗਏ। ਦੋ ਕੁ ਸਾਲਾਂ ਬਾਅਦ ਉਸੇ ਇਲਾਕੇ ਦੇ ਹੋਰਸ ਪਿੰਡ 'ਚ ਤਬਦੀਲ ਹੋ ਗਏ। ਉਥੇ ਗੰਜੀਬਾਰ ਦੇ ਚੱਕ 88WB ਟੋਪੀਆਂ ਵਾਲਾ, ਤਹਿਸੀਲ ਵਿਹਾੜੀ, ਜ਼ਿਲ੍ਹਾ ਮੁਲਤਾਨ ਲੱਗਦਾ ਸੀ, ਸਾਨੂੰ। ਫ਼ਸਲੀ ਜਿਣਸ ਵੇਚਣ ਜਾਂ ਘਰੇਲੂ ਨਿੱਕ ਸੁੱਕ ਦੀ ਖ਼ਰੀਦੋ ਫਰੋਖ਼ਤ ਲਈ ਬਹੁਤਾ ਮੰਡੀ ਬੂਰੇਵਾਲਾ ਹੀ ਜਾਂਦੇ। ਸਾਡੇ ਤਿੰਨੋਂ ਭਰਾਵਾਂ ਅਤੇ ਚਾਰੋਂ ਭੈਣਾਂ ਦਾ ਜਨਮ ਬਾਰ ਦਾ ਈ ਏ। ਉਨ੍ਹਾਂ ਆਪਣੇ ਭਰਾਵਾਂ ਨੂੰ ਓਧਰ ਬੁਲਾ ਲਿਆ। ਆਹਿਸਤਾ ਆਹਿਸਤਾ ਮਿਹਨਤ ਕਰਕੇ ਤਿੰਨੇ ਭਰਾਵਾਂ, ਮੁਸਲਿਮ ਜਿੰਮੀਦਾਰਾਂ ਮਸ਼ੂਕਾ ਅਤੇ ਸ਼ਹੀਦਾਂ ਪਾਸੋਂ ਇਕ ਮੁਰੱਬਾ ਸਾਲਮ ਹਾਲੇ਼ ’ਤੇ ਲੈ ਲਿਆ। ਇਸ ਪਰਿਵਾਰ ਦਾ ਪਿਛਲਾ ਜੱਦੀ ਪਿੰਡ ਗੌਂਸਲਾ-ਪਾਣੀਪਤ ਸੀ। ਬਾਰ ਵਾਲਾ ਪਿੰਡ ਉਨ੍ਹਾਂ ਹੀ ਆਬਾਦ ਕੀਤਾ। ਸ਼ੈਦ ਉਨ੍ਹਾਂ ਦਾ ਕੋਈ ਪਿਓ-ਦਾਦਾ ਫ਼ੌਜ ਵਿਚ ਕਰਨਲ ਹੋਏ, ਜਿਸ ਨੂੰ ਉਹ ਚੱਕ ਅਲਾਟ ਹੋਇਆ। 

ਇਸ ਵਜ੍ਹਾ ਪਿੰਡ ’ਚ ਉਹ ਕਰਨਲ ਤੋਂ 'ਕਰਨੈਲੀਏ ਕੇ' ਸਦੀਂਦੇ। ਪਿੰਡ ਵਿੱਚਕਾਰ ਇੱਕ ਖ਼ੂਹ ਵੀ ਉਨ੍ਹਾਂ ਲਵਾਇਆ। ਜਿਥੋਂ ਸਾਰਾ ਪਿੰਡ ਲੋੜ ਮੁਤਾਬਕ ਪਾਣੀ ਦੇ ਘੜੇ ਭਰਦਾ। ਵੈਸੇ ਘਰਾਂ ਜਾਂ ਬਾਹਰ ਖ਼ੇਤਾਂ 'ਚ ਬਹੁਤਾ ਪਾਣੀ ਲੋੜ ਮੁਤਾਬਕ ਝੀਰ ਹੀ ਢੋਂਹਦੇ। ਬਦਲੇ 'ਚ ਉਹ ਹਾੜੀ-ਸਾਉਣੀ ਲੈਂਦੇ। ਖੇਤੀ ਸਿੰਚਾਈ ਨਹਿਰੀ ਪ੍ਰਬੰਧ ਅਧੀਨ ਹੀ ਸੀ। ਬਹੁਤਾ ਨਰਮਾ, ਕਪਾਹ,ਕਣਕ ਵੇਚਣ ਲਈ ਅਤੇ ਚਰੀ,ਬਾਜਰਾ, ਸਰੋਂ, ਤੋਰੀਆ ਅਤੇ ਗੰਨਾ ਘਰ ਦੀ ਲੋੜ ਮੁਤਾਬਿਕ ਬੀਜ਼ ਲੈਂਦੇ। ਸਾਰਾ ਪਿੰਡ ਹੀ ਮੁਸਲਿਮ ਆਬਾਦੀ ਵਾਲਾ ਸੀ। ਬਾਕੀ ਘਰ ਕੰਮਾਂ ਦੇ ਅਧਾਰਿਤ ਕਾਮਿਆਂ ਦੇ ਜਿਨ੍ਹਾਂ ’ਚ ਕੇਵਲ ਸਾਡਾ ਘਰ ਮਜ੍ਹਬੀ ਸਿੱਖ ਕਿਆਂ ਦਾ। ਲੁਹਾਰਾ-ਤਰਖਾਣਾ ਕੰਮ ਵੀ ਦੋ ਮੁਸਲਮਾਨ ਭਰਾ ਹੀ ਕਰਦੇ। ਪਿੰਡ ਵਿੱਚ ਕੇਵਲ ਇੱਕ ਹੱਟੀ ,ਉਹ ਵੀ ਰਾਓ ਮੁਸਲਮਾਨ ਦੀ ਹੀ। ਪਿੰਡ ਦਾ। ਲੰਬੜਦਾਰ ਵੀ ਚੌਧਰੀ ਅਜ਼ੀਜ਼ ਮੁਸਲਿਮ ਹੀ ਹੁੰਦਾ। ਸਫੈਦਪੋਸ਼ ਪਿੰਡ ਕੋਈ ਨਹੀਉਂ ਸੀ। ਪਿੰਡ 'ਚ ਹੀ ਇਕ ਪ੍ਰਾਇਮਰੀ ਸਕੂਲ ਚੱਲਦਾ ਪਰ ਅਸੀਂ ਤਿੰਨੇ ਭਰਾ ਸਕੂਲ ਕੋਈ ਨਹੀਂ ਗਏ। ਬਚਪਨ ਵਿੱਚ ਕੁਝ ਮੁਸਲਿਮ ਅਤੇ ਕੁੱਝ ਗੈਰ ਮੁਸਲਿਮ ਮੁੰਡੇ ਕੱਠਿਆਂ ਪਸ਼ੂ ਚਰਾਉਣਾ ਚੌਪੜ, ਜੰਗ ਪਲੰਗਾ, ਕੌਡੀ ਵਗੈਰਾ ਖੇਡਣਾ। ਹੁਣ ਕਿਸੇ ਦਾ ਵੀ ਨਾਮ ਯਾਦ ਨਹੀਂ ਰਿਹਾ। ਗੁਆਂਢ ’ਚ ਇਕ ਮੁਸਲਿਮ ਬੇਬੇ ਰਹਿਮਤੇ ਹੋਇਆ ਕਰਦੀ। ਉਸ ਬੱਚਿਆਂ ਨਾਲ ਬੜਾ ਮੋਹ ਕਰਨਾ। ਕਿਸੇ ਉਸ ਘਰ ਜਾਣਾ ਤਾਂ ਖਾਣ ਲਈ ਕੁਝ ਜ਼ਰੂਰ ਦੇਣਾ।

 ਚੱਕ 176 WB ਅਤੇ 194WB ਸਾਡੇ ਗੁਆਂਢੀ ਪਿੰਡ ਸਨ। ਸਾਡਾ ਚੱਕ ਲਾਹੌਰ-ਮੁਲਤਾਨ ਰੋਡ ਦੇ ਇਕ ਦਮ ਨਜ਼ਦੀਕ ਸੀ। ਜਦ ਰੌਲਿਆਂ ਦਾ ਰਾਮ ਰੌਲਾ ਸ਼ੁਰੂ ਹੋਇਆ ਤਾਂ ਗੁਆਂਢੀ ਪਿੰਡਾਂ ਵਲੋਂ ਸਾਡੇ ਪਿੰਡ ’ਤੇ ਹਮਲਾ ਕਰਨ ਦੀਆਂ ਸਕੀਮਾਂ ਘੜੀਆਂ ਜਾਣ ਲੱਗੀਆਂ। ਬਾਹਰੋਂ ਕਈ ਬਦਮਾਸ਼ ਬਿਰਤੀ ਵਾਲਿਆਂ, ਗੈਰ ਮੁਸਲਿਮਾਂ ਨੂੰ ਪਿੰਡ ਖਾਲੀ ਕਰਨ ਦਾ ਸੁਨੇਹਾ ਭੇਜਿਆ। ਜੇ ਸਰਦਾਰ ਜਿੰਮੀਦਾਰ ਤਬਕਾ ਹੁੰਦਾ ਤਾਂ ਟੱਕਰ ਦਿੰਦੇ ਪਰ ਅਸਾਂ ਕਾਮੇ ਲੋਕਾਂ ਇਨ੍ਹਾਂ ਹਿਆਂ ਨਾ ਕੀਤਾ। ਵਡੇਰਿਆਂ ਪਿੰਡ ਦੇ ਮੁਸਲਿਮ ਚੌਧਰੀਆਂ ਪਾਸ ਪਹੁੰਚ ਕੀਤੀ ਤਾਂ ਉਨ੍ਹਾਂ ਸਾਨੂੰ ਹਿਫ਼ਾਜ਼ਤ ਦਾ ਭਰੋਸਾ ਦਵਾਇਆ। ਤੀਜੇ ਦਿਨ ਮਹੌਲ 'ਚ ਗਰਮੀ ਨੂੰ ਵੇਂਹਦਿਆਂ, ਸਭ ਗ਼ੈਰ ਮੁਸਲਿਮਾਂ ਨੂੰ ਖ਼ੁਦ ਪਿੰਡ ਛੱਡਣ ਲਈ ਤਿਆਰ ਹੋ ਜਾਣ ਲਈ ਕਿਹਾ। ਪਿੰਡ ਵਿੱਚ ਕੋਈ ਮੱਜ੍ਹਬੀ ਫਸਾਦ ਨਹੀਂ ਹੋਇਆ। ਕੀਮਤੀ ਮਾਲ ਅਸਬਾਬ ਅਤੇ ਰਸਤੇ ਦੇ ਖਾਣ ਪੀਣ ਦੇ ਸਮਾਨ ਦੀਆਂ ਗਠੜੀਆਂ ਬੰਨ੍ਹ ਲਈਆਂ। ਮਾਲ-ਡੰਗਰ, ਘਰ-ਬਾਰ ਸਭ ਉਵੇਂ ਉਨ੍ਹਾਂ ਲਈ ਛੱਡ ਆਏ। ਮੁਸਲਿਮ ਚੌਧਰੀਆਂ ਸਾਨੂੰ ਕੋਈ ਆਂਚ ਨਹੀਂ ਆਉਣ ਦਿੱਤੀ। ਸਗੋਂ ਵਿਹਾੜੀ 'ਟੇਸ਼ਣ ਤੱਕ ਆਪਣੇ ਗੱਡਿਆਂ ਤੇ ਛੱਡ ਕੇ ਗਏ। ਰਸਤੇ 'ਚ ਕਈ ਥਾਵਾਂ ਜਾਂ 'ਟੇਸ਼ਣਾਂ ਤੇ ਕਤਲੇਆਮ ਦੇ ਭਿਆਨਕ ਨਜ਼ਾਰੇ ਦੇਖਣ ਨੂੰ ਮਿਲੇ ਪਰ ਸਾਡੇ ਕਾਫ਼ਲੇ ਦੇ ਕਿਸੇ ਵੀ ਮੈਂਬਰ ਦੇ ਝਰੀਟ ਤੱਕ ਨਹੀਂ ਆਈ। 

ਚੌਥੇ ਦਿਨ ਅਸੀਂ ਜਲੰਧਰ ਰੇਲਵੇ 'ਟੇਸ਼ਣ ਪਹੁੰਚੇ। ਉਥੋਂ ਤੁਰ ਕੇ ਬੱਸ ਸਟੈਂਡ ਗਏ। ਅਸਾਂ ਬੱਸ ਤਾਂ ਕੰਦੋਲਾ ਵਾਲੀ ਫੜਨੀ ਸੀ ਪਰ ਉਥੇ ਸਾਨੂੰ ਬਾਰ ਵਿਚਲੇ ਆਪਣੇ ਇਲਾਕੇ ਦੇ 327 EB ਚੱਕ, ਤਹਿਸੀਲ ਮਿਲਸੀ਼ ਤੋਂ ਜਾਣੂੰ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਮਾਤਾ ਜੀ ਮਿਲ਼ ਪਏ। ਕਹਿਣ ਲੱਗੇ ਕਿ ਉਹ ਆਰਜ਼ੀ ਤੌਰ ’ਤੇ ਮਾਲੜੀ-ਨਕੋਦਰ ਬੈਠੇ ਨੇ। ਮੁਸਲਮਾਨਾਂ ਵਲੋਂ ਖਾਲੀ ਕੀਤਾ ਗਿਆ ਪਿੰਡ ਐ। ਤੁਸੀਂ ਵੀ ਉਥੇ ਚਲੇ ਚੱਲੋ। ਸੋ ਮਾਲੜੀ ਆ ਬੈਠੇ। ਇਕ ਮੁਸਲਮਾਨ ਦਾ ਖਾਲੀ ਘਰ ਵੀ ਅਲਾਟ ਹੋ ਗਿਆ। ਜ਼ਮੀਨ ਸਾਨੂੰ ਕੋਈ ਨਾ ਅਲਾਟ ਹੋਈ, ਕਿਓਂ ਜੋ ਸਾਡੇ ਨਾਮ ਪੁਰ ਬਾਰ ’ਚ ਕੋਈ ਜ਼ਮੀਨ ਨਹੀਂ ਸੀ ਕੇਵਲ ਹਾਲੇ਼ ਭੌਲੀ਼ ’ਤੇ ਹੀ ਵਾਹੁੰਦੇ ਸਾਂ। ਇਥੇ ਮੇਰੇ ਘਰ ਪੰਜ ਪੁੱਤਰ ਅਤੇ ਇੱਕ ਧੀ ਪੈਦਾ ਹੋਏ। ਇਸ ਵਕਤ ਮੈਂ ਆਪਣੇ ਪੁੱਤਰ ਕੁਲਵੰਤ ਸਿੰਘ ਦੀ ਬਾਲ ਫੁਲਵਾੜੀ ਵਿੱਚ ਬੁਢਾਪਾ ਹੰਢਾਅ ਰਿਹੈਂ। 1930 ਦਾ ਜਨਮ ਆ ਮੇਰਾ। ਉਮਰ ਅਤੇ ਵਕਤ ਦਾ ਤਕਾਜ਼ਾ ਹੈ। ਯਾਦ ਸ਼ਕਤੀ ਘੱਟ ਗਈ ਹੈ। ਉੱਚੀ ਸੁਣਦਾ ਹੈ ਪਰ ਫਿਰ ਵੀ ਪਰਿਵਾਰ ਵਿੱਚ ਪੂਰੀ ਕਦਰ ਐ, ਕਦੀ ਵੀ ਉਨ੍ਹਾਂ ਬੁਢਾਪੇ ਜਾਂ ਇਕਲਾਪੇ ਦਾ ਅਹਿਸਾਸ ਤੱਕ ਨਹੀਂ ਹੋਣ ਦਿੱਤਾ। ਰੌਲਿਆਂ ’ਚ ਜਾਨੀ ਅਤੇ ਮਾਲੀ ਨੁਕਸਾਨ ਦੋਨਾਂ ਧਿਰਾਂ ਦਾ ਬਹੁਤਾ ਹੋਇਆ। ਅਸੀਂ ਭਲਾ ਬਚ ਰਹੇ ਪਰ ਸਾਡੇ ਕਾਫ਼ਲੇ ਦਾ ਵਾਪਸੀ ਸਫ਼ਰ ਮੌਤ ਦੇ ਸਾਏ ਹੇਠ ਹੀ ਹੋਇਆ। ਅਖੇ-'ਇਤਨਾ ਬਹੁਤ ਹੈ ਕਿ ਸਫ਼ਰ ਸੇ ਸਲਾਮਤ ਲੌਟ ਆਏ-ਦੀਵਾਨੇ ਪੇ ਜੋ ਗੁਜ਼ਰੀ ਵੁਹ ਮਤ ਪੂਛੋ।"

ਲੇਖਕ: ਸਤਵੀਰ ਸਿੰਘ ਚਾਨੀਆਂ
92569-73526


author

rajwinder kaur

Content Editor

Related News