ਟ੍ਰੈਵਲ ਏਜੰਟ ਦੇ ਦਫਤਰ ਅੱਗੇ ਜ਼ਹਿਰ ਖਾ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

09/26/2019 11:22:43 PM

ਮਾਛੀਵਾੜਾ ਸਾਹਿਬ, (ਟੱਕਰ)- ਅੱਜ ਮਾਛੀਵਾੜਾ-ਸਮਰਾਲਾ ਰੋਡ 'ਤੇ ਸਥਿਤ ਇੱਕ ਟ੍ਰੈਵਲ ਏਜੰਟ ਦੇ ਦਫ਼ਤਰ ਅੱਗੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਵਿਅਕਤੀ ਧਰਮਿੰਦਰ ਸਿੰਘ ਵਾਸੀ ਕੋਟਾਲਾ ਬੇਟ ਨੇ ਇਸ ਏਜੰਟ ਤੋਂ ਦੁਖੀ ਹੋ ਕੇ ਜ਼ਹਿਰੀਲੀ ਵਸਤੂ ਪੀ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ।
ਪੀੜ੍ਹਤ ਵਿਅਕਤੀ ਧਰਮਿੰਦਰ ਸਿੰਘ ਦੀ ਜੇਬ 'ਚੋਂ ਜੋ ਸੁਸਾਇਡ ਨੋਟ ਬਰਾਮਦ ਹੋਇਆ ਹੈ ਉਸ ਅਨੁਸਾਰ ਇਸ ਟ੍ਰੈਵਲ ਏਜੰਟ ਵਲੋਂ ਉਸ ਨਾਲ 24 ਲੱਖ ਰੁਪਏ 'ਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਅਤੇ 15 ਲੱਖ ਰੁਪਏ ਪੇਸ਼ਗੀ ਵਜੋਂ ਲੈ ਲਏ। ਪੀੜ੍ਹਤ ਵਿਅਕਤੀ ਧਰਮਿੰਦਰ ਸਿੰਘ ਅਨੁਸਾਰ ਪਹਿਲਾਂ ਤਾਂ 6 ਮਹੀਨੇ ਉਸ ਨੂੰ ਲਾਰੇ ਲਗਾਉਂਦਾ ਰਿਹਾ ਅਤੇ ਬਾਅਦ ਵਿਚ ਉਸ ਨੂੰ ਕਿਹਾ ਗਿਆ ਕਿ ਉਸਦਾ ਗ੍ਰੀਸ ਦਾ ਵੀਜ਼ਾ ਲਗਾ ਦਿੱਤਾ ਗਿਆ ਹੈ। ਧਰਮਿੰਦਰ ਸਿੰਘ ਅਨੁਸਾਰ ਉਸਨੇ 24 ਲੱਖ ਰੁਪਏ ਅਮਰੀਕਾ ਜਾਣ ਲਈ ਦਿੱਤੇ ਸਨ ਪਰ ਉਸ ਨਾਲ ਧੋਖਾਧੜੀ ਕੀਤੀ। ਜਦੋਂ ਉਸਨੇ ਆਪਣੇ ਪੈਸੇ ਟ੍ਰੈਵਲ ਏਜੰਟ ਤੋਂ ਵਾਪਿਸ ਮੰਗਣੇ ਸ਼ੁਰੂ ਕੀਤੇ ਤਾਂ ਕੋਈ ਸੁਣਵਾਈ ਨਾ ਹੋਈ ਜਿਸ ਕਾਰਨ ਉਸਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ। ਧਰਮਿੰਦਰ ਸਿੰਘ ਅਨੁਸਾਰ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਖੰਨਾ ਦੇ ਪੁਲਿਸ ਉਚ ਅਧਿਕਾਰੀ ਕੋਲ ਵੀ ਗਿਆ ਪਰ ਉਥੇ ਉਕਤ ਟ੍ਰੈਵਲ ਏਜੰਟ ਸਾਰੇ ਪੈਸੇ ਵਾਪਿਸ ਦੇਣ ਦੀ ਬਜਾਏ 8 ਲੱਖ ਰੁਪਏ ਕੱਟ ਕੇ ਦੇਣ ਦੀ ਬੇਜ਼ਿੱਦ ਰਿਹਾ। ਧਰਮਿੰਦਰ ਸਿੰਘ ਨੇ ਦੋਸ਼ ਲਗਾਏ ਕਿ ਉਸ ਨਾਲ ਆਏ ਵਿਅਕਤੀ ਵੀ ਉਸ ਉਪਰ 8 ਲੱਖ ਰੁਪਏ ਕੱਟ ਕੇ ਰੱਖਣ ਦਾ ਦਬਾਅ ਪਾਉਣ ਲੱਗੇ ਪਰ ਉਹ ਇਸ ਪ੍ਰਤੀ ਰਜ਼ਾਮੰਦ ਨਾ ਹੋਇਆ। ਅੱਜ ਬਾਅਦ ਦੁਪਹਿਰ ਧਰਮਿੰਦਰ ਸਿੰਘ ਸਮਰਾਲਾ ਰੋਡ 'ਤੇ ਸਥਿਤ ਉਸ ਟ੍ਰੈਵਲ ਏਜੰਟ ਦੇ ਦਫ਼ਤਰ ਗਿਆ ਜਿੱਥੇ ਉਸਨੇ ਆਪਣੇ ਪੈਸੇ ਵਾਪਿਸ ਕਰਨ ਦੀ ਮੰਗ ਕੀਤੀ ਜਿੱਥੇ ਦੋਵਾਂ ਵਿਚਕਾਰ ਥੋੜੀ ਤਕਰਾਰਬਾਜ਼ੀ ਵੀ ਹੋਈ।
ਧਰਮਿੰਦਰ ਸਿੰਘ ਜੋ ਕਿ ਪਹਿਲਾਂ ਹੀ ਆਪਣੀ ਜੇਬ 'ਚ ਜ਼ਹਿਰੀਲੀ ਪੀਣ ਵਾਲੀ ਵਸਤੂ ਲੈ ਕੇ ਆਇਆ ਸੀ ਉਸਨੇ ਦਫ਼ਤਰ ੇਦੇ ਬਾਹਰ ਖੜ੍ਹ ਕੇ ਆਤਮ-ਹੱਤਿਆ ਕਰਨ ਦੇ ਇਰਾਦੇ ਨਾਲ ਦਵਾਈ ਨਿਗਲ ਲਈ ਅਤੇ ਜਮੀਨ ਉਪਰ ਗਿਰ ਗਿਆ। ਘਟਨਾ ਤੋਂ ਬਾਅਦ ਟ੍ਰੈਵਲ ਏਜੰਟ ਮੌਕੇ ਤੋਂ ਦਫ਼ਤਰ ਬੰਦ ਕਰਕੇ ਫ਼ਰਾਰ ਹੋ ਗਿਆ ਅਤੇ ਗੰਭੀਰ ਹਾਲਤ ਵਿਚ ਧਰਮਿੰਦਰ ਸਿੰਘ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਨਵਾਂਸ਼ਹਿਰ ਰੈਫਰ ਕਰ ਦਿੱਤਾ। ਇਸ ਸਬੰਧੀ ਜਦੋਂ ਮਾਛੀਵਾੜਾ ਥਾਣਾ ਮੁਖੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਤਮ-ਹੱਤਿਆ ਕਰਨ ਵਾਲੇ ਵਿਅਕਤੀ ਦੇ ਬਿਆਨ ਦਰਜ਼ ਕੀਤੇ ਜਾਣਗੇ, ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News