ਆਰਥਿਕ ਮੰਦਹਾਲੀ ’ਚ ਨੌਜਵਾਨ ਖੁਦਕੁਸ਼ੀ ਲਈ ਚੜ੍ਹਿਆ ਮੋਬਾਇਲ ਟਾਵਰ ’ਤੇ

06/03/2020 11:28:14 PM

ਮਾਨਸਾ/ਸਰਦੂਲਗੜ੍ਹ,(ਜੱਸਲ, ਚੋਪੜਾ)- ਬੇਰੋਜ਼ਗਾਰੀ ਦੇ ਆਲਮ ’ਚ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਪਿੰਡ ਟਿੱਬੀ ਹਰੀ ਸਿੰਘ ਦਾ ਨੌਜਵਾਨ ਰੇਸ਼ਮ ਸਿੰਘ ਪੁੱਤਰ ਬੋਘਾ ਮੋਬਾਇਲ ਟਾਵਰ ’ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ ਤਾਂ ਪੰਜਾਬ ਪੁਲਸ ਦੇ ਏ. ਐੱਸ. ਆਈ. ਬਲਵੰਤ ਸਿੰਘ ਭੀਖੀ ਦੇ ਅਣਥਕ ਯਤਨਾਂ ਸਦਕਾ ਉਸ ਨੂੰ ਪੂਰਨ ਤੌਰ ’ਤੇ ਵਿਸ਼ਵਾਸ਼ ਮਿਲਣ ’ਤੇ ਹੇਠਾਂ ਉਤਰ ਆਇਆ ਤੇ ਉਸ ਦੀ ਜਾਨ ਬਚ ਗਈ। ਇਸ ਮੌਕੇ ਏ. ਐੱਸ. ਆਈ. ਨੇ ਪਹਿਲਾਂ ਡੀ. ਐੱਸ. ਪੀ. ਸੰਜੀਵ ਗੋਇਲ ਨੂੰ ਫੋਨ ’ਤੇ ਦੱਸ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਬੜੇ ਭਾਵੁਕ ਬੋਲਾਂ ਨਾਲ ਅਨਾਊਂਸਮੈਂਟ ਕੀਤੀ। ਉਸ ਦੇ ਬੋਲ ਸੁਣ ਕੇ ਉਕਤ ਵਿਅਕਤੀ ਨੇ ਟਾਵਰ ਹੇਠਾਂ ਬੁਲਾ ਕੇ ਗੱਲਬਾਤ ਕਰਨੀ ਚਾਹੀ ਤਾਂ ਵਿਸਵਾਸ਼ ਬੱਝਣ ’ਤੇ ਉਹ ਆਪਣਾ ਮਨ ਬਦਲ ਕੇ ਹੇਠਾਂ ਉਤਰ ਆਇਆ।

ਦੱਸਣਯੋਗ ਹੈ ਕਿ ਰੇਸ਼ਮ ਸਿੰਘ ਇਕ ਪ੍ਰਾਈਵੇਟ ਬੱਸ ’ਤੇ ਬਤੌਰ ਕੰਡਕਟਰ ਕੰਮ ਕਰਦਾ ਹੈ ਪਰ ਲਾਕਡਾਊਨ ਦੌਰਾਨ ਉਸ ਕੋਲ ਕੋਈ ਆਮਦਨੀ ਦਾ ਸਾਧਨ ਨਹੀਂ ਰਿਹਾ, ਜਿਸ ਸਦਕਾ ਉਹ ਆਰਥਿਕ ਪੱਖੋਂ ਕਮਜ਼ੋਰ ਹੋਣ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਆਟਾ-ਦਾਲ ਸਕੀਮ ਤਹਿਤ ਕਾਰਡ ਵੀ ਕੱਟਿਆ ਗਿਆ, ਜਿਸ ਕਾਰਨ ਉਸ ਨੂੰ ਲਾਕ ਡਾਊਨ ਤਹਿਤ ਰਾਸ਼ਨ ਵੀ ਨਹੀਂ ਮਿਲਿਆ। ਇਸ ਤੋਂ ਇਲਾਵਾ ਕਈ ਆਰਥਿਕ ਤੰਗੀਆਂ ਨੂੰ ਲੈ ਕੇ ਉਹ ਪ੍ਰੇਸ਼ਾਨ ਹੋ ਕੇ ਟਾਵਰ ਉੱਪਰ ਚੜ੍ਹ ਗਿਆ ਤੇ ਖ਼ੁਦਕੁਸ਼ੀ ਕਰਨ ਦੀ ਠਾਣ ਲਈ। ਇਸ ਮੌਕੇ ਪੁਲਸ ਪ੍ਰਸ਼ਾਸਨ ਵਲੋਂ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਲਈ ਪੁਰਜ਼ੋਰ ਸਿਫਾਰਿਸ਼ ਕੀਤੀ ਜਾਵੇਗੀ। ਇਸ ਮੌਕੇ ਡੀ. ਐੱਸ. ਪੀ. ਸੰਜੀਵ ਗੋਇਲ, ਐੱਸ. ਐੱਚ. ਓ. ਗੁਰਦੀਪ ਸਿੰਘ, ਏ. ਐੱਸ. ਆਈ. ਬਲਵੰਤ ਸਿੰਘ ਭੀਖੀ, ਹੋਰ ਪੁਲਸ ਕਰਮੀ ਸਮੇਤ ਪਿੰਡ ਵਾਸੀ ਮੌਜੂਦ ਸਨ।


Bharat Thapa

Content Editor

Related News