ਨਹਿਰੂ ਪਾਰਕ ’ਚ ਨੌਜਵਾਨਾਂ ਨੇ ਤਲਵਾਰਾਂ ਲਹਿਰਾਉਂਦਿਆਂ ਕੀਤੀ ਬਦਮਾਸ਼ੀ, ਲਹੂ-ਲੁਹਾਨ ਕਰ ਦਿੱਤਾ ਨਿਗਮ ਮੁਲਾਜ਼ਮ

Friday, Dec 02, 2022 - 12:50 PM (IST)

ਨਹਿਰੂ ਪਾਰਕ ’ਚ ਨੌਜਵਾਨਾਂ ਨੇ ਤਲਵਾਰਾਂ ਲਹਿਰਾਉਂਦਿਆਂ ਕੀਤੀ ਬਦਮਾਸ਼ੀ, ਲਹੂ-ਲੁਹਾਨ ਕਰ ਦਿੱਤਾ ਨਿਗਮ ਮੁਲਾਜ਼ਮ

ਅਬੋਹਰ (ਰਹੇਜਾ) : ਸ਼ਹਿਰ ’ਚ ਸਮਾਜ ਵਿਰੋਧੀ ਅਨਸਰਾਂ ਦੇ ਦਿਲਾਂ ’ਚੋਂ ਪੁਲਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ, ਇਸ ਦਾ ਇਕ ਨਜ਼ਾਰਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਅਬੋਹਰ ਦੇ ਨਹਿਰੂ ਪਾਰਕ ’ਚ ਅੱਧਾਂ ਦਰਜਨ ਨੌਜਵਾਨ ਖੁੱਲ੍ਹੇਆਮ ਹੱਥਾਂ ’ਚ ਤਲਵਾਰਾਂ ਲਹਿਰਾਉਂਦੇ ਦੇਖੇ ਗਏ। ਭਾਵੇਂ ਅਕਸਰ ਪੁਲਸ ਵੱਲੋਂ ਇਸ ਮਾਰਗ ’ਤੇ ਨਾਕਾਬੰਦੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਸਮਾਜ ਵਿਰੋਧੀ ਅਨਸਰਾਂ ਵਿੱਚ ਕੋਈ ਡਰ ਨਹੀਂ ਹੈ। ਇਸ ਤੋਂ ਬਾਅਦ ਉਕਤ ਹਮਲਾਵਰ ਨੌਜਵਾਨਾਂ ਨੇ ਨਿਗਮ ’ਚ ਪਹੁੰਚ ਕੇ ਕਾਰਪੋਰੇਸ਼ਨ ਦੇ ਕਰਮਚਾਰੀ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਵਿਭਾਗ ਨੇ 3 ਮਹੀਨੇ ਲਈ ਰੱਦ ਕੀਤੀਆਂ ਇਹ 16 ਰੇਲ ਗੱਡੀਆਂ

ਜਾਣਕਾਰੀ ਮੁਤਾਬਕ ਬੀਤੇ ਦਿਨ ਦੀ ਦੁਪਹਿਰ 8-10 ਨੌਜਵਾਨ ਪਾਰਕ ਵਿੱਚ ਤਲਵਾਰਾਂ ਲੈ ਕੇ ਹੰਗਾਮਾ ਕਰ ਰਹੇ ਸਨ। ਪਾਰਕ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਤਾਂ ਸਕੂਲ ਦੀ ਵਰਦੀ ਵੀ ਪਾਈ ਹੋਈ ਸੀ। ਇਸ ਦੌਰਾਨ ਜਦੋਂ ਪਾਰਕ ਵਿੱਚ ਆਪਣੀ ਹਾਜ਼ਰੀ ਦੀ ਨਿਸ਼ਾਨਦੇਹੀ ਕਰ ਰਹੇ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਕਤ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਨੌਜਵਾਨਾਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮ ਜਸਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ’ਤੇ ਹਮਲਾ ਕਰ ਕੇ ਖ਼ੂਨ ਨਾਲ ਲੱਥ-ਪੱਥ ਕਰ ਦਿੱਤਾ। ਜਿਸ ਤੋਂ ਬਾਅਦ ਪਾਰਕ ਵਿੱਚ ਭਗਦੜ ਮੱਚ ਗਈ। ਇਹ ਦੇਖ ਕੇ ਜਦੋਂ ਨੇੜੇ ਹੀ ਗਸ਼ਤ ਕਰ ਰਹੇ ਪੀ. ਸੀ. ਆਰ. ਆਈ ਦੇ ਜਵਾਨ ਪਾਰਕ ਕੋਲ ਪਹੁੰਚੇ ਤਾਂ ਨੌਜਵਾਨ ਤਲਵਾਰਾਂ ਲਹਿਰਾਉਂਦੇ ਹੋਏ ਭੱਜ ਗਏ। ਜ਼ਖ਼ਮੀ ਮੁਲਾਜ਼ਮ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਨਿਗਮ ਦੇ ਮੁਲਾਜ਼ਮ ਨੇ ਦੱਸਿਆ ਕਿ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਸਾਰੀ ਘਟਨਾ ਦਾ ਪਤਾ ਚੱਲੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News