ਚਿੱਟੇ ਨੇ ਲਈ ਨੌਜਵਾਨ ਦੀ ਜਾਨ, 3 ਨਾਮਜ਼ਦ

Tuesday, Aug 13, 2019 - 09:02 PM (IST)

ਚਿੱਟੇ ਨੇ ਲਈ ਨੌਜਵਾਨ ਦੀ ਜਾਨ, 3 ਨਾਮਜ਼ਦ

ਮੋਗਾ (ਆਜ਼ਾਦ)-ਚਿੱਟੇ ਦੀ ਓਵਰਡੋਜ਼ ਕਾਰਣ ਮੋਗਾ ਦੇ ਅਹਾਤਾ ਬਦਨ ਸਿੰਘ ਵਾਸੀ ਇਕ ਨੌਜਵਾਨ ਜਗਦੀਸ਼ ਸ਼ਰਮਾ (28) ਜੋ ਮੋਟਰਸਾਈਕਲ, ਸਕੂਟਰ ਮੁਰੰਮਤ ਦਾ ਕੰਮ ਕਰਦਾ ਸੀ, ਦੀ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਵਰਿੰਦਰ ਸਿੰਘ ਵਾਸੀ ਅਸੰਗ ਮੋਗਾ ਨੇ ਕਿਹਾ ਕਿ ਉਸ ਦਾ ਭਤੀਜਾ ਜਗਦੀਸ਼ ਸ਼ਰਮਾ ਚਿੱਟਾ ਪੀਣ ਦਾ ਆਦੀ ਸੀ, ਉਸ ਦਾ ਇਲਾਜ ਸਰਕਾਰੀ ਹਸਪਤਾਲ ਮੋਗਾ ਵਿਖੇ ਚੱਲ ਰਿਹਾ ਸੀ। ਪਿਛਲੇ ਦਿਨੀਂ ਉਹ ਸ਼ਾਮ ਨੂੰ ਆਪਣੇ ਘਰ ਆ ਕੇ ਸੌਂ ਗਿਆ, ਜਦੋਂ ਉਸ ਦੀ ਮਾਤਾ ਨੇ ਉਸ ਨੂੰ ਦੇਖਿਆ ਤਾਂ ਉਸ ਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ, ਜਿਸ 'ਤੇ ਉਸ ਨੇ ਮੈਨੂੰ ਅਤੇ ਮੇਰੇ ਦੂਸਰੇ ਭਤੀਜੇ ਨੂੰ ਫੋਨ ਕੀਤਾ। ਮੈਂ ਤੁਰੰਤ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਅਸੀਂ ਜਗਦੀਸ਼ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ 'ਚ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਵਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਭਤੀਜੇ ਦੀ ਮੌਤ ਜ਼ਿਆਦਾ ਨਸ਼ਾ ਕਰਨ ਨਾਲ ਹੋਈ ਹੈ। ਉਸ ਨੇ ਕਿਹਾ ਕਿ ਮੈਨੂੰ ਪੱਤਾ ਲੱਗਾ ਕਿ ਉਕਤ ਚਿੱਟਾ ਗੋਪੀ ਅਤੇ ਸੁਖਦਰਸ਼ਨ ਸਿੰਘ ਉਰਫ ਗੋਚਾ ਵਾਸੀ ਬਸਤੀ ਸਾਧਾਂ ਵਾਲੀ ਮੋਗਾ ਤੋਂ ਲੈ ਕੇ ਆਉਂਦੇ ਸਨ ਅਤੇ ਉਹ ਆਪਣੇ ਦੋਸਤ ਜਗਦੀਪ ਸਿੰਘ ਉਰਫ ਚਿੜੀ ਵਾਸੀ ਚੌਕ ਮਜੀਠਾ ਨਾਲ ਬਹਿ ਕੇ ਪੀਂਦੇ ਸਨ। ਉਕਤ ਦੋਸ਼ੀ ਹੀ ਮੇਰੇ ਭਤੀਜੇ ਦੀ ਮੌਤ ਦੇ ਜ਼ਿੰਮੇਵਾਰ ਹਨ। ਪੁਲਸ ਨੇ ਉਕਤ ਤਿੰਨੋਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਸਾਊਥ ਮੋਗਾ 'ਚ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ ਗਿਆ।


author

Karan Kumar

Content Editor

Related News