ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

01/19/2020 8:26:39 PM

ਬਠਿੰਡਾ, (ਪਰਮਿੰਦਰ)- ਥਰਮਲ ਕਾਲੋਨੀ ਮੰਦਿਰ ਲਾਇਨ 'ਚ ਇਕ ਨੌਜਵਾਨ ਨੇ ਆਪਣੇ ਘਰ ਹੀ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੌਕੇ 'ਤੋਂ ਇਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਹੈ ਜਿਸ ਵਿਚ ਉਸਨੇ ਉਕਤ ਖੁਦਕੁਸ਼ੀ ਲਈ ਇਕ ਲੜਕੀ ਨੂੰ ਜ਼ਿੰਮੇਵਾਰ ਦੱਸਿਆ ਹੈ ਜੋ ਉਸਦੀ ਪ੍ਰੇਮਿਕਾ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਥਰਮਲ ਕਾਲੋਨੀ ਸੀ-23 'ਚ ਰਹਿਣ ਵਾਲੇ ਚੰਦਰਕ੍ਰਾਂਤ (35) ਪੁੱਤਰ ਰਾਜੇਸ਼ ਕੁਮਾਰ ਨੇ ਬੀਤੀ ਰਾਤ ਘਰ ਹੀ ਪੱਖੇ ਨਾਲ ਫਾਹਾ ਲੈ ਲਿਆ। ਪਰਿਵਾਰਕ ਮੈਂਬਰਾਂ ਨੂੰ ਪਤਾ ਲਗਣ 'ਤੇ ਉਨ੍ਹਾਂ ਨੇ ਇਸਦੀ ਜਾਣਕਾਰੀ ਥਾਣਾ ਥਰਮਲ ਪੁਲਸ ਅਤੇ ਸਹਾਰਾ ਜਨਸੇਵਾ ਨੂੰ ਦਿੱਤੀ। ਸੂਚਨਾ ਮਿਲਣ 'ਤੇ ਸੰਸਥਾ ਮੈਂਬਰ ਤੇ ਥਾਣਾ ਥਰਮਲ ਪੁਲਸ ਮੌਕੇ 'ਤੇ ਪਹੁੰਚੇ। ਪੁਲਸ ਦੀ ਮੌਜੂਦਗੀ 'ਚ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਫਾਹੇ ਤੋਂ ਹੇਠਾਂ ਉਤਾਰਿਆ ਅਤੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਕੀਤੀ। ਪੁਲਸ ਨੂੰ ਮੌਕੇ 'ਤੋਂ ਹੀ ਇਕ ਸੁਸਾਇਡ ਨੋਟ ਬਰਾਮਦ ਹੋਇਆ, ਜਿਸ 'ਚ ਮ੍ਰਿਤਕ ਨੇ ਇਕ ਲੜਕੀ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ। ਉਸਨੇ ਲਿਖਿਆ ਕਿ ਉਕਤ ਲੜਕੀ, ਜੋ ਉਸਦੀ ਪ੍ਰੇਮਿਕਾ ਦੱਸੀ ਜਾ ਰਹੀ ਹੈ, ਪਿਛਲੇ ਕੁਝ ਸਮੇਂ ਤੋਂ ਉਸ ਨਾਲ ਗੱਲ ਨਹੀਂ ਕਰ ਰਹੀ। ਜਿਸ ਕਾਰਨ ਉਹ ਪ੍ਰੇਸ਼ਾਨ ਹੈ। ਮ੍ਰਿਤਕ ਪ੍ਰਾਇਵੇਟ ਨੌਕਰੀ ਕਰਦਾ ਸੀ। ਥਾਣਾ ਥਰਮਲ ਪੁਲਸ ਨੇ ਸੁਸਾਇਡ ਨੋਟ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸਹਾਰਾ ਟੀਮ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
 


KamalJeet Singh

Content Editor

Related News