ਕੈਂਟਰ ਹੇਠ ਆਉਣ ਕਾਰਨ ਅੌਰਤ ਦੀ ਮੌਤ, 1 ਜ਼ਖ਼ਮੀ
Thursday, Oct 25, 2018 - 04:42 AM (IST)

ਕੋਟਕਪੂਰਾ, (ਨਰਿੰਦਰ)- ਅੱਜ ਸਵੇਰੇ ਨਵੇਂ ਬੱਸ ਸਟੈਂਡ ਕੋਲ ਕੈਂਟਰ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਇਕ ਸਡ਼ਕ ਹਾਦਸੇ ’ਚ ਇਕ ਅੌਰਤ ਦੀ ਮੌਤ ਹੋਣ ਅਤੇ ਉਸ ਦੇ ਪਤੀ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਮੁਹੱਲਾ ਬੀਡ਼ ਤਲਾਬ ਨਿਵਾਸੀ ਸੁਖਦੇਵ ਸਿੰਘ ਆਪਣੀ ਪਤਨੀ ਸਵਰਨ ਕੌਰ ਨਾਲ ਮੋਟਰਸਾਈਕਲ ’ਤੇ ਫਿਰੋਜ਼ਪੁਰ ਆਪਣੀ ਕਿਸੇ ਰਿਸ਼ਤੇਦਾਰੀ ਵਿਚ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਅਚਾਨਕ ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਕੋਲ ਪੁੱਜਾ ਤਾਂ ਸਾਹਮਣਿਓਂ ਆ ਰਹੇ ਬੋਰੀਅਾਂ ਨਾਲ ਲੱਦੇ ਇਕ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਵਰਨ ਕੌਰ ਸਡ਼ਕ ’ਤੇ ਡਿੱਗ ਗਈ ਅਤੇ ਕੈਂਟਰ ਹੇਠਾਂ ਆਉਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸੁਖਦੇਵ ਸਿੰਘ ਜ਼ਖ਼ਮੀ ਹੋ ਗਿਆ।
ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਅੌਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪਤੀ ਦੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।