ਠੱਗ ਔਰਤ ਨੇ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਫੋਨ ਕੀਤਾ ਹੈਕ, ਅਨੋਖੇ ਢੰਗ ਨਾਲ ਮਾਰੀ ਠੱਗੀ
Wednesday, Nov 30, 2022 - 06:29 PM (IST)

ਕੋਟਕਪੂਰਾ (ਨਰਿੰਦਰ) : ਸਥਾਨਕ ਲੱਭੂ ਰਾਮ ਗਲੀ ਦੇ ਵਸਨੀਕ ਵਿਨੈ ਚਾਵਲਾ ਪੁੱਤਰ ਤਿਲਕ ਰਾਜ ਚਾਵਲਾ ਨਾਲ ਵੀ ਅੱਜ ਸਾਈਬਰ ਕ੍ਰਾਈਮ ਨਾਲ ਜੁੜੇ ਇਕ ਠੱਗ ਵੱਲੋਂ ਅਨੋਖੇ ਢੰਗ ਨਾਲ ਠੱਗੀ ਮਾਰੇ ਜਾਣ ਦੀ ਖਬਰ ਮਿਲੀ ਹੈ। ਐੱਸ. ਬੀ. ਆਈ. ਬੈਂਕ ਕ੍ਰੈਡਿਟ ਕਾਰਡ ਦੀ ਮੁਲਾਜ਼ਮ ਦੱਸ ਕੇ ਠੱਗ ਔਰਤ ਨੇ ਵਿਨੈ ਚਾਵਲਾ ਨੂੰ ਆਖਿਆ ਕਿ ਉਹ ਐੱਸ. ਬੀ. ਆਈ. ਬੈਂਕ ਦੀ ਮੋਬਾਇਲ ਐਪਲੀਕੇਸ਼ਨ ਡਾਊਨਲੋਡ ਕਰੇ। ਮੋਬਾਇਲਾਂ ਦਾ ਕਾਰੋਬਾਰ ਹੋਣ ਕਰਕੇ ਵਿਨੈ ਚਾਵਲਾ ਨੇ ਜਦੋਂ ਉਕਤ ਲਿੰਕ ਕਲਿੱਕ ਕਰ ਕੇ ਡਾਊਨਲੋਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਇਲ ਫੋਨ ਹੈਕ ਹੋ ਗਿਆ।
ਫੋਨ ਚੱਲਣ ’ਤੇ ਮੈਸੇਜ ਆਉਣ ਤੋਂ ਬਾਅਦ ਪਤਾ ਲੱਗਾ ਕਿ ਠੱਗ ਔਰਤ ਨੇ ਉਸ ਦੇ 2 ਕ੍ਰੈਡਿਟ ਕਾਰਡਾਂ ਵਿਚੋਂ ਕ੍ਰਮਵਾਰ 84 ਹਜ਼ਾਰ ਰੁਪਏ ਅਤੇ 23 ਹਜ਼ਾਰ ਰੁਪਏ ਕੱਢ ਲਏ। ਭਾਵੇਂ ਖਪਤਕਾਰ ਨੇ ਪੁਲਸ ਥਾਣੇ, ਸਾਈਬਰ ਕ੍ਰਾਈਮ ਦਫਤਰ ਅਤੇ ਐੱਸ. ਬੀ. ਆਈ. ਬੈਂਕ ਦੀ ਬ੍ਰਾਂਚ ’ਚ ਲਿਖਤੀ ਸ਼ਿਕਾਇਤਾਂ ਦੇ ਕੇ ਆਪਣੇ ਖਾਤੇ ਵੀ ਬੰਦ ਕਰਵਾ ਲਏ ਹਨ ਪਰ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।