‘ਆਪ’ ਦੇ ਸਟੂਡੈਂਟ ਵਿੰਗ ਦਾ ਐਲਾਨ: ਕਾਲਜਾਂ ’ਚ ਵਿਦਿਆਰਥੀਆਂ ਦੀ ਲੁੱਟ-ਖਸੁੱਟ ਕਰਾਵਾਂਗੇ ਬੰਦ

02/24/2020 9:03:20 PM

ਚੰਡੀਗਡ਼੍ਹ,(ਰਮਨਜੀਤ)- ਦਿੱਲੀ ’ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਸਰਗਰਮੀਆਂ ਵਧਾ ਦਿੱਤੀਆਂ ਹਨ। ਉਥੇ ਹੀ ਪਾਰਟੀ ਦੇ ਵਿਦਿਆਰਥੀ ਵਿੰਗ ਸੀ.ਵਾਈ.ਐੱੰਸ.ਐੱਸ. ਨੇ ਵੀ ਸੂਬੇ ਦੇ ਵਿਦਿਆਰਥੀਆਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਚੰਡੀਗਡ਼੍ਹ ਵਿਖੇ ਪਾਰਟੀ ਦੇ ਵਿਦਿਆਰਥੀ ਵਿੰਗ ਦਾ ਜਥੇਬੰਦਕ ਢਾਂਚਾ ਬਣਾਉਣ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ਹੋਈ।

ਮੀਟਿੰਗ ’ਚ ਸ਼ਾਮਲ ਕਮੇਟੀ ਦੇ ਸਲਾਹਕਾਰ ਵਕੀਲ ਦਿਨੇਸ਼ ਚੱਢਾ ਅਤੇ ਮੈਂਬਰ ਨਰਿੰਦਰ ਕੌਰ ਭਰਾਜ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਕਾਲਜਾਂ ’ਚ ਭ੍ਰਿਸ਼ਟਾਚਾਰ ਸਬੰਧੀ ਯੂ. ਜੀ. ਸੀ. ਦੇ ਹੁਕਮਾਂ ਨੂੰ ਲੰਬੇ ਸਮੇਂ ਤੋਂ ਦੱਬ ਕੇ ਰੱਖਿਆ ਹੋਇਆ ਹੈ ਜਦਕਿ ਯੂ. ਜੀ. ਸੀ. ਨੇ ਸਪੱਸ਼ਟ ਤੌਰ ’ਤੇ ਸੂਬਾ ਸਰਕਾਰ ਨੂੰ ਲਿਖਿਆ ਹੋਇਆ ਹੈ ਕਿ ਸੂਬੇ ਦੇ ਗੈਰ-ਸਰਕਾਰੀ ਕਾਲਜਾਂ ’ਚ ਭ੍ਰਿਸ਼ਟਾਚਾਰ ਨਾਲ ਵਿਦਿਆਰਥੀਆਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਕਦਮ ਚੁੱਕੇ ਜਾਣ ਪਰ ਸਰਕਾਰ ਯੂ. ਜੀ. ਸੀ. ਦੇ ਹੁਕਮਾਂ ਅਨੁਸਾਰ ਕਾਰਵਾਈ ਕਰਨ ਦੀ ਥਾਂ ਵਿਦਿਆਰਥੀ ਵਰਗ ਦੀ ਲੁੱਟ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਦੀ ਸਰਪ੍ਰਸਤੀ ਕਰ ਰਹੀ ਹੈ। ਜਿਸ ਕਰ ਕੇ ‘ਆਪ’ ਦਾ ਵਿਦਿਆਰਥੀ ਵਿੰਗ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਵਿਦਿਆਰਥੀਆਂ ਨੂੰ ਲਾਮਬੰਦ ਕਰ ਕੇ ਸੰਘਰਸ਼ ਉਲੀਕੇਗਾ। ਇਸ ਮੀਟਿੰਗ ’ਚ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਆਉਣ ਵਾਲੀਆਂ ਵਿਦਿਆਰਥੀ ਚੋਣਾਂ ’ਚ ਹਿੱਸਾ ਲੈਣ ਬਾਰੇ ਵੀ ਚਰਚਾ ਕੀਤੀ ਗਈ। ਇਸ ਮੀਟਿੰਗ ’ਚ ਪਰਮਿੰਦਰ ਜੈਸਵਾਲ ਗੋਲਡੀ, ਸੁਖਰਾਜ ਬੱਲ, ਨਵਜੋਤ ਸੈਣੀ, ਹਰਸ਼ ਸਿੰਘ, ਵਿਸ਼ਰਦ ਵੀ ਸ਼ਾਮਲ ਹੋਏ।


Bharat Thapa

Content Editor

Related News