ਪਾਣੀ ਦੀ ਵਾਰੀ ਨੂੰ ਲੈ ਕੇ ਪਿਓ ਪੁੱਤਰ ’ਤੇ ਹਮਲਾ, ਪਿਓ ਦੀ ਇਲਾਜ ਦੌਰਾਨ ਮੌਤ, ਪੁੱਤਰ ਫੱਟੜ
Thursday, Sep 23, 2021 - 02:03 PM (IST)
ਅਬੋਹਰ (ਜ.ਬ): ਬੀਤੇ ਦਿਨੀਂ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਅਮਰਪੁਰਾ ’ਚ ਪਾਣੀ ਦੀ ਵਾਰੀ ਨੂੰ ਲੈ ਕੇ ਪਿੰਡ ਦੇ ਹੀ ਕੁਝ ਲੋਕਾਂ ਨੇ ਬਜ਼ੁਰਗ ਪਿਓ ਤੇ ਪੁੱਤਰ ’ਤੇ ਹਮਲਾ ਕਰ ਉਨ੍ਹਾਂ ਨੂੰ ਫੱਟੜ ਕਰ ਦਿੱਤਾ, ਜਿਨਾਂ ਨੂੰ ਸਰਕਾਰੀ ਹਸਪਤਾਲ ਵੱਲੋਂ ਮੁੱਢਲੇ ਇਲਾਜ ਬਾਅਦ ਰੈਫਰ ਕਰ ਦਿੱਤਾ ਸੀ, ਜਿਥੇ ਅੱਜ ਸਵੇਰੇ ਸ਼੍ਰੀਗੰਗਾਨਗਰ ’ਚ ਇਲਾਜ ਦੌਰਾਨ ਬਜ਼ੁਰਗ ਪਿਓ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅਮਰਪੁਰਾ ਵਾਸੀ ਰਾਮ ਕੁਮਾਰ ਪੁੱਤਰ ਕਾਂਸ਼ੀ ਰਾਮ ਉਮਰ ਕਰੀਬ 70 ਸਾਲਾ ਨੇ ਕਰੀਬ 4 ਮਹੀਨੇ ਪਹਿਲਾਂ ਪਿੰਡ ’ਚ ਹੀ ਕਿਸੇ ਤੋਂ ਜ਼ਮੀਨ ਖਰੀਦੀ ਸੀ ਜਿਸਦੇ ਰੁਪਇਆਂ ਦੇ ਲੈਣ ਦੇਣ ਨੂੰ ਲੈ ਕੇ ਉਸ ਦਾ ਉਕਤ ਲੋਕਾਂ ਨਾਲ ਝਗੜਾ ਚੱਲ ਰਿਹਾ ਸੀ। ਰਾਮ ਕੁਮਾਰ ਦੇ ਖੇਤ ’ਚ ਮਜ਼ਦੂਰੀ ਕਰਨ ਵਾਲੇ ਮਾਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਰਾਮ ਕੁਮਾਰ ਤੇ ਉਸਦਾ ਬੇਟਾ ਨਾਗਰ ਮੱਲ ਖੇਤ ’ਚ ਪਾਣੀ ਦੀ ਵਾਰੀ ਲਾ ਰਹੇ ਸੀ ਤਾਂ ਇਸੇ ਦੌਰਾਨ ਕੁਝ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦਰਜਨ ਭਰ ਤੋਂ ਜ਼ਿਆਦਾ ਨਕਾਬਪੋਸ਼ ਲੋਕਾਂ ਨੇ ਦੋਵਾਂ ਪਿਓ ਪੁੱਤਰ ’ਤੇ ਕਹੀਆਂ ਨਾਲ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਅਧ ਮਰਿਆ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਜਿਸਦੇ ਬਾਅਦ ਉਸਨੇ ਇਸ ਗੱਲ ਦੀ ਸੂਚਨਾ ਰਾਮ ਕੁਮਾਰ ਦੀ ਬੇਟੀ ਮਾਇਆ ਦੇਵੀ ਨੂੰ ਦਿੱਤੀ, ਜਿਸਨੇ ਹੋਰ ਲੋਕਾਂ ਦੀ ਮਦਦ ਨਾਲ ਆਪਣੇ ਪਿਓ ਅਤੇ ਭਰਾ ਨੂੰ ਜਲਦ ਸਰਕਾਰੀ ਹਸਪਤਾਲ ਪਹੁੰਚਾਇਆ।
ਜਿੱਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਮੁੱਢਲੇ ਇਲਾਜ ਬਾਅਦ ਰੈਫਰ ਕਰ ਦਿੱਤਾ, ਜਿਸ ’ਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਸ਼੍ਰੀਗੰਗਾਨਗਰ ਲੈ ਗਏ, ਜਿੱਥੇ ਅੱਜ ਸਵੇਰੇ ਰਾਮ ਕੁਮਾਰ ਦੀ ਮੌਤ ਹੋ ਗਈ। ਜਦਕਿ ਉਸਦੇ ਬੇਟੇ ਦੀ ਹਾਲਤ ਗੰਭੀਰ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਉਂਦੇ ਹੋਏ ਪਰਿਵਾਰ ਵਾਲਿਆਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।