ਵੇਅਰ ਹਾਊਸ ਦੇ ਗੁਦਾਮ ’ਚ ਬੋਰੀਆਂ ਦੇ ਹੇਠਾਂ ਦਬੇ ਦੋ ਚੌਂਕੀਦਾਰ, ਹੋਈ ਮੌਤ

3/3/2021 4:25:13 PM

ਮੋਗਾ (ਅਜ਼ਾਦ) - ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ ਸਥਿਤ ਵੇਅਰ ਹਾਊਸ ਦੇ ਗੁਦਾਮ ਵਿਚ ਬੋਰੀਆਂ ਦੇ ਹੇਠਾਂ ਆ ਕੇ ਦੋ ਚੌਂਕੀਦਾਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਨੱਥੂਵਾਲਾ ਗਰਬੀ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਰਸ਼ਦੀਪ ਸਿੰਘ ਪੁੱਤਰ ਭਜ਼ਨ ਸਿੰਘ ਨਿਵਾਸੀ ਪਿੰਡ ਰਾਜੇਆਣਾ ਨੇ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸਦਾ ਪਿਤਾ ਭਜ਼ਨ ਸਿੰਘ ਵੇਅਰ ਹਾਊਸ ਦੇ ਗੁਦਾਮ (ਬਰਾੜ ਪੁਲੰਥ) ਜੋ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਹੈ, ’ਚ ਬਤੌਰ ਚੌਂਕੀਦਾਰ ਦਾ ਕੰਮ ਕਰਦਾ ਸੀ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ

ਉਸ ਨੇ ਕਿਹਾ ਕਿ ਮੇਰੇ ਪਿਤਾ ਦੇ ਨਾਲ ਬਲਜੀਤ ਸਿੰਘ ਨਿਵਾਸੀ ਪਿੰਡ ਜੈਮਲਵਾਲਾ ਵੀ ਚੌਂਕੀਦਾਰ ਸਨ। ਅੱਜ ਜਦ ਮੈਂ ਆਪਣੇ ਪਿਤਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਮੇਰਾ ਫੋਨ ਨਹੀਂ ਚੁੱਕਿਆ, ਜਿਸ ’ਤੇ ਮੈਂ ਗੁਦਾਮਾਂ ਵਿਚ ਗਿਆ। ਗੁਦਾਮ ਆ ਕੇ ਮੈਂ ਦੇਖਿਆ ਕਿ ਗੁਦਾਮ ਵਿਚ ਅਖੀਰਲੇ ਚੱਕੇ ਦੀਆਂ ਬੋਰੀਆਂ ਡਿੱਗ ਜਾਣ ਦੇ ਕਾਰਣ ਮੇਰਾ ਪਿਤਾ ਭਜ਼ਨ ਸਿੰਘ ਅਤੇ ਬਲਜੀਤ ਸਿੰਘ ਹੇਠਾਂ ਆਏ ਹੋਏ ਸਨ। ਉਨ੍ਹਾਂ ਨੂੰ ਦੇਖਦੇ ਸਾਰ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਕੱਠੇ ਹੋਏ ਹੋਰ ਵਿਅਕਤੀਆਂ ਦੀ ਮਦਦ ਨਾਲ ਉਨ੍ਹਾਂ ਦੋਵਾਂ ਨੂੰ ਕਣਕ ਦੀਆਂ ਬੋਰੀਆਂ ਦੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਮੋਗਾ ਲਿਆਂਦਾ ਪਰ ਮੇਰੇ ਪਿਤਾ ਭਜ਼ਨ ਸਿੰਘ ਅਤੇ ਬਲਜੀਤ ਸਿੰਘ ਦੀ ਮੌਤ ਹੋ ਗਈ ਸੀ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮਚਿਆ ਸੀ ਜ਼ਹਿਰੀਲੀ ਸ਼ਰਾਬ ਦਾ ਤਾਂਡਵ, ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ

ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਪੁੱਤਰ ਭਜ਼ਨ ਸਿੰਘ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਚਾਨਕ ਬੋਰੀਆਂ ਦਾ ਚੱਕਾ ਡਿੱਗ ਜਾਣ ਦੇ ਕਾਰਣ ਦੋਨੋਂ ਹੇਠਾਂ ਆ ਗਏ। ਉਨ੍ਹਾਂ ਕਿਹਾ ਕਿ ਦੋਨੋਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦੇ ਪਹਿਲੇ 4 ਬਜਟ ’ਚੋਂ ਕੁਝ ਨਹੀਂ ਨਿਕਲਿਆ, 5ਵੇਂ ’ਚੋਂ ਵੀ ਨਹੀਂ ਹੋਵੇਗਾ ਕੁਝ ਹਾਸਲ: ਬੀਬੀ ਜਗੀਰ ਕੌਰ


rajwinder kaur

Content Editor rajwinder kaur