ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਏ. ਐੱਸ. ਆਈ. ਗ੍ਰਿਫ਼ਤਾਰ

03/30/2022 11:30:51 AM

ਲੁਧਿਆਣਾ (ਰਾਜ) : ਥਾਣਾ ਸਰਾਭਾ ਨਗਰ ਦੇ ਇਕ ਏ. ਐੱਸ. ਆਈ. ਨੇ ਚੋਰੀਸ਼ੁਦਾ ਸਾਮਾਨ ਬਰਾਮਦ ਕਰਵਾਉਣ ਬਦਲੇ ਸ਼ਿਕਾਇਤਕਰਤਾ ਤੋਂ 5 ਹਜ਼ਾਰ ਰੁਪਏ ਰਿਸ਼ਵਤ ਲਈ ਪਰ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਏ. ਐੱਸ. ਆਈ. ਬਲਜੀਤ ਸਿੰਘ ਨੂੰ ਛਾਪਾ ਮਾਰ ਕੇ ਰੰਗੇ ਹੱਥੀਂ ਰਿਸ਼ਵਤ ਦੀ ਰਕਮ ਸਮੇਤ ਦਬੋਚ ਲਿਆ। ਵਿਜੀਲੈਂਸ ਵਿਭਾਗ ਨੇ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਕਾਰਵਾਈ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਬਲਜੀਤ ਸਿੰਘ ਚਾਹਲ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਉਸ ਨੇ ਵਿਜੀਲੈਂਸ ਵਿਭਾਗ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਵਿਦੇਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਜਾਇਦਾਦ ਰਾਜਗੁਰੂ ਨਗਰ ਵਿਚ ਹੈ, ਜੋ ਉਹ ਇਸ ਪ੍ਰਾਪਰਟੀ ਦੀ ਦੇਖ-ਰੇਖ ਕਰਦਾ ਹੈ। ਉਸ ਨੇ ਗੁਰਮੀਤ ਸਿੰਘ ਨੂੰ ਬਤੌਰ ਸਕਿਓਰਿਟੀ ਗਾਰਡ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਮਾਮਲੇ 'ਚ ਸੁਖਪਾਲ ਖਹਿਰਾ ਦਾ ਭਗਵੰਤ ਮਾਨ ਨੂੰ ਵੱਡਾ ਸਵਾਲ

16 ਮਾਰਚ ਨੂੰ ਮਕਾਨ ਵਿਚ ਚੋਰੀ ਹੋ ਗਈ, ਜੋ ਚੋਰੀ ਗੁਰਪ੍ਰੀਤ ਸਿੰਘ ਨੇ ਕੀਤੀ ਸੀ ਜੋ ਸ਼ਿਕਾਇਤਕਰਤਾ ਬਲਜੀਤ ਸਿੰਘ ਦਾ ਰਿਸ਼ਤੇਦਾਰ ਹੈ। ਉਸ ਨੇ ਸਾਮਾਨ ਚੋਰੀ ਕੀਤਾ ਸੀ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਮਿਲਣ ’ਤੇ ਮੁਲਜ਼ਮ ਗੁਰਪ੍ਰੀਤ ਸਿੰਘ ’ਤੇ ਕੇਸ ਦਰਜ ਕਰ ਕੇ ਕਾਬੂ ਕਰ ਲਿਆ ਸੀ। ਸ਼ਿਕਾਇਤਕਰਤਾ ਬਲਜੀਤ ਸਿੰਘ ਦਾ ਦੋਸ਼ ਹੈ ਕਿ ਮੁਲਜ਼ਮ ਤੋਂ ਚੋਰੀਸ਼ੁਦਾ ਸਾਮਾਨ ਬਰਾਮਦ ਕਰਵਾਉਣਾ ਸੀ। ਇਸ ਲਈ ਉਹ ਇਸ ਸਬੰਧੀ ਕੇਸ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਕੋਲ ਗਿਆ ਸੀ, ਜੋ ਕਿ ਉਸ ਤੋਂ ਚੋਰੀਸ਼ੁਦਾ ਸਾਮਾਨ ਦੀ ਬਰਾਮਦਗੀ ਲਈ 7 ਹਜ਼ਾਰ ਰੁਪਏ ਮੰਗ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਗੱਲ 5 ਹਜ਼ਾਰ ਵਿਚ ਤੈਅ ਹੋਈ। ਇਸ ਤੋਂ ਬਾਅਦ ਜਾ ਕੇ ਉਸ ਨੇ ਵਿਜੀਲੈਂਸ ਵਿਭਾਗ ਨੂੰ ਉਕਤ ਮੁਲਜ਼ਮ ਸਬੰਧੀ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਵਿਜ਼ੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਏ. ਐੱਸ. ਆਈ. ਬਲਜੀਤ ਸਿੰਘ ਖਿਲਾਫ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਟ੍ਰੈਪ ਲਗਾ ਲਿਆ। ਜਦੋਂ ਸ਼ਿਕਇਤਕਰਤਾ ਨੇ ਮੁਲਜ਼ਮ ਏ. ਐੱਸ. ਆਈ. ਨੂੰ ਪੈਸੇ ਫੜਾਏ ਤਾਂ ਤੁਰੰਤ ਛਾਪਾ ਮਾਰ ਕੇ ਮੁਲਜ਼ਮ ਨੂੰ ਰੰਗੇ ਹੱਥੀਂ ਫੜ ਲਿਆ ਗਿਆ। ਵਿਭਾਗ ਦਾ ਕਹਿਣਾ ਹੈ ਕਿ ਏ. ਐੱਸ. ਆਈ. ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਰਿਸ਼ਵਤ ਦੀ ਰਕਮ ’ਚ ਉਸ ਦੇ ਨਾਲ ਕੋਈ ਹੋਰ ਵੀ ਸ਼ਾਮਲ ਹੈ ਜਾਂ ਨਹੀਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News