ਵਾਹਨ ਚੋਰ ਪੁਲਸ ਅਡ਼ਿੱਕੇ
Monday, Jan 14, 2019 - 06:16 AM (IST)

ਜਲਾਲਾਬਾਦ, (ਜ. ਬ.)– ਜ਼ਿਲਾ ਫਾਜ਼ਿਲਕਾ ਦੇ ਐੱਸ. ਐੱਸ. ਪੀ. ਡਾ. ਕੇਤਨ ਬਲੀਰਾਮ ਪਾਟਿਲ ਵੱਲੋਂ ਮਾਡ਼ੇ ਅਨਸਰਾਂ ਖਿਲਾਫ ਛੇਡ਼ੀ ਮੁਹਿੰਮ ਦੇ ਤਹਿਤ ਥਾਣਾ ਚੱਕ ਵੈਰੋ ਕਾ ਦੀ ਪੁਲਸ ਨੇ ਇਕ ਚੋਰ ਨੂੰ ਕਾਬੂ ਕਰ ਕੇ ਉਸ ਦੀ ਨਿਸ਼ਾਨਦੇਹੀ ’ਤੇ 1 ਐਕਟਿਵਾ ਸਣੇ 4 ਚੋਰੀ ਦੇ ਮੋਟਰਸਾਈਕਲ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਥਾਣਾ ਚੱਕ ਵੈਰੋ ਕਾ ਦੇ ਐੱਸ. ਐੱਚ. ਓ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਐੱਚ. ਸੀ. ਗੁਰਬਖਸ਼ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਮਹਾਲਮ ਤੋਂ ਢਾਣੀ ਪ੍ਰੇਮ ਸਿੰਘ ਵਾਲੀ ਨੂੰ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਇਕ ਮੋਟਰਸਾਈਕਲ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਪੱਤਰਾਂ ਬਾਰੇ ਪੁੱਛਿਆ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੀਤੀ ਮੁੱਢਲੀ ਪੁੱਛਗਿਛ ’ਚ ਕੀਤੀ ਉਪਰੋਕਤ ਚੋਰ ਦੀ ਨਿਸ਼ਾਨਦੇਹੀ ’ਤੇ ਪੁਲਸ ਦੇ ਵੱਲੋਂ ਇਕ ਐਕਟਿਵਾ ਸਮਤੇ 4 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਐੱਸ. ਐੱਚ. ਓ. ਅੰਗਰੇਜ ਸਿੰਘ ਨੇ ਅੱਗੇ ਦੱਸਿਆ ਕਿ ਫਡ਼ੇ ਗਏ ਦੋਸ਼ੀ ਦੀ ਪਛਾਣ ਰਾਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗ੍ਰਾਮ ਰਸੂਲ ਵਾਲਾ ਥਾਣਾ ਸਦਰ ਫਾਜ਼ਿਲਕਾ ਦੇ ਰੂਪ ਵਿਚ ਹੋਈ ਹੈ। ਜਿਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਹੋਇਆ ਹੈ ਅਤੇ ਉਪਰੋਕਤ ਚੋਰ ਕੋਲੋਂ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਹੈ।