ਬੇਰੋਜ਼ਗਾਰੀ ਦੇ ਸਤਾਏ ਨੌਜਵਾਨ ਵਿਦੇਸ਼ਾਂ ਵੱਲ ਕਰ ਰਹੇੇ ਨੇ ਰੁਖ਼

Monday, Jan 21, 2019 - 06:47 AM (IST)

ਬੇਰੋਜ਼ਗਾਰੀ ਦੇ ਸਤਾਏ ਨੌਜਵਾਨ ਵਿਦੇਸ਼ਾਂ ਵੱਲ ਕਰ ਰਹੇੇ ਨੇ ਰੁਖ਼

ਫ਼ਰੀਦਕੋਟ, (ਰਾਜਨ)- ਸਵਾਮੀ ਵਿਵੇਕਾ ਨੰਦ ਜੀ ਨੇ ਕਿਹਾ ਸੀ ਕਿ ‘‘ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਸਹੀ ਦਿਸ਼ਾ ਵੱਲ ਲਿਜਾਣ ਅਤੇ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਸਾਡੇ ਦੇਸ਼ ਦੇ ਨੇਤਾਵਾਂ ਦੀ ਬਣਦੀ ਹੈ’’। ਪਰ ਜਿੱਥੋਂ ਤੱਕ ਸਾਡੇ ਦੇਸ਼ ਦੇ ਨੇਤਾਵਾਂ ਦਾ ਸਵਾਲ ਹੈ, ਇਹ ਨੌਜਵਾਨ ਸ਼ਕਤੀ ਦੀ ਸਾਂਭ-ਸੰਭਾਲ ਕਰਨ ਪੱਖੋਂ ਕਿੰਨੇ ਕੁ ਗੰਭੀਰ ਹਨ, ਇਸ ਦਾ  ਨਿਰਾਸ਼ਾਜਨਕ ਪ੍ਰਮਾਣ ਇਹ ਹੈ ਕਿ ਇਨ੍ਹਾਂ ਤੋਂ ਮਾਯੂਸ ਬੇਰੋਜ਼ਗਾਰ ਨੌਜਵਾਨ ਪੀਡ਼੍ਹੀ ਆਪਣੇ ਉੱਜਵਲ ਭਵਿੱਖ ਲਈ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੀ ਹੈ, ਜਿਸ ਦੇ ਫਲਸਵਰੂਪ ਸਾਡੇ ਦੇਸ਼ ਦੇ 2 ਲੱਖ ਨੌਜਵਾਨ ਹਰ ਸਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਵਿਦੇਸ਼ਾਂ ਵਿਚ ਚਲੇ ਜਾਂਦੇ ਹਨ। 
ਨੌਜਵਾਨਾਂ ’ਚ ਵਿਦੇਸ਼ ਜਾਣ ਦੀ ਲਾਲਸਾ ’ਤੇ ਇਕ ਝਾਤ
 ਇਹ ਬਹੁਤ ਹੀ ਸ਼ਰਮਨਾਕ ਪਹਿਲੂ ਹੈ ਕਿ ਸਾਡੇ ਦੇਸ਼ ਦੀ ਕਰੀਬ 130 ਕਰੋਡ਼ ਦੀ ਆਬਾਦੀ ’ਚੋਂ 50 ਫੀਸਦੀ ਨੌਜਵਾਨ ਲਡ਼ਕੇ-ਲਡ਼ਕੀਆਂ ਢੁੱਕਵੇਂ ਰੋਜ਼ਗਾਰ ਦੀ ਪ੍ਰਾਪਤੀ ਲਈ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦਿੰਦੀਅਾਂ ਹਨ। ਇਕ ਸਰਵੇ ਅਨੁਸਾਰ ਪਡ਼੍ਹੇ-ਲਿਖੇ ਨੌਜਵਾਨ ਲਡ਼ਕਿਅਾਂ-ਲਡ਼ਕੀਆਂ ਦੇ ਵਿਦੇਸ਼ ਜਾਣ ਦੀ ਲਾਲਸਾ ਪਿੱਛੇ ਸਾਡੇ ਦੇਸ਼ ਵਿਚਲੀ ਬੇਰੋਜ਼ਗਾਰੀ, ਪੱਖਪਾਤ, ਆਪਣੇ ਦੇਸ਼ ਵਿਚ ਉੱਨਤੀ ਦੀਆਂ ਸੰਭਾਵਨਾ ਦਾ ਘੱਟ ਹੋਣਾ, ਧੁੰਦਲਾ ਭਵਿੱਖ, ਲਿਆਕਤ ਅਨੁਸਾਰ ਨੌਕਰੀਆਂ ਦਾ ਨਾ ਮਿਲਣਾ, ਪ੍ਰਾਈਵੇਟ ਅਦਾਰਿਆਂ ਦੇ ਸ਼ੋਸ਼ਣ ਅਤੇ ਕੰਮ ਦੇ ਬਦਲੇ ਪੂਰਾ ਮਿਹਨਤਾਨਾ ਨਾ ਮਿਲਣਾ ਹੈ, ਜਿਸ ਕਾਰਨ ਸਾਡੇ ਦੇਸ਼ ਦੇ ਨੌਜਵਾਨ ਆਧੁਨਿਕ ਸੁੱਖ-ਸੁਵਿਧਾਵਾਂ ਦੀ ਪੂਰਤੀ ਲਈ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ। ਪਿੱਛੇ ਜਿਹੇ ਦੇਸ਼ ਦੇ 15 ਸੂਬਿਅਾਂ ਦੀ ਸਰਵੇ ਰਿਪੋਰਟ ਅਨੁਸਾਰ ਰੋਜ਼ਗਾਰ, ਸਿੱਖਿਆ ਅਤੇ ਆਜ਼ਾਦੀ ਦੇ ਮਾਮਲਿਆਂ ਵਿਚ ਨੌਜਵਾਨਾਂ ਦੀਆਂ ਨਜ਼ਰਾਂ ’ਚ ਸਾਡੇ ਦੇਸ਼ ਦਾ ਅਕਸ ਕੋਈ ਬਹੁਤਾ ਚੰਗਾ ਨਹੀਂ ਰਿਹਾ ਹੈ। 
ਸਰਵੇ ਰਿਪੋਰਟ ਤੋਂ ਇਹ ਵੀ ਤੱਥ ਸਾਹਮਣੇ ਆਏ ਹਨ ਕਿ ਆਪਣੇ ਉੱਜਵਲ ਭਵਿੱਖ ਲਈ ਲਡ਼ਕੀਆਂ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੀਆਂ ਹਨ, ਜਿਸ ਦੀ ਪੁਸ਼ਟੀ ਇਸ ਰਿਪੋਰਟ ਤੋਂ ਹੋ ਜਾਂਦੀ ਹੈ ਕਿ ਸਾਡੇ ਦੇਸ਼ ਦੀਆਂ 66.1 ਫੀਸਦੀ ਲਡ਼ਕੀਆਂ ਅਤੇ 62.8 ਫੀਸਦੀ ਲੜਕਿਅਾਂ ਦਾ ਸਾਡੇ ਦੇਸ਼ ਦੇ ਨੇਤਾਵਾਂ ਦੀਆਂ ਮਾਰੂ ਨੀਤੀਆਂ ਦੀ ਬਦੌਲਤ ਦੇਸ਼ ਅੰਦਰ ਪੈਦਾ ਹੋਈ ਬੇਹੱਦ ਬੇਰੋਜ਼ਗਾਰੀ ਸਦਕਾ ਦੇਸ਼ ਪ੍ਰਤੀ ਮੋਹ ਭੰਗ ਹੋ ਚੁੱਕਾ ਹੈ ਅਤੇ ਅਜੋਕੇ ਯੁੱਗ ਦੀ ਨਿਰਾਸ਼ ਨੌਜਵਾਨ ਪੀਡ਼੍ਹੀ ਨੂੰ ਭਵਿੱਖ ਸਬੰਧੀ ਦੇਸ਼ ’ਚ ਕੁਝ ਚੰਗਾ ਹੋਣ ਦੀ ਉਮੀਦ ਨਹੀਂ ਰਹੀ ਹੈ। ਦੇਸ਼ ਦੇ ਨੇਤਾਵਾਂ ਦੇ ਸਤਾਏ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਭਾਰਤ ਨੂੰ ਇਕ ਅਜਿਹੇ ਸੁਪਰਮੈਨ ਦੀ ਲੋਡ਼ ਹੈ, ਜੋ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਦੇਸ਼ ਵਿਚਲੇ ਹਾਲਾਤ ਠੀਕ ਕਰ ਸਕੇ। 
ਮਾਪੇ ਵੀ ਬੱਚਿਆਂ ਦੇ ਉੱਜਵਲ ਭਵਿੱਖ ਲਈ ਦਿੰਦੇ ਹਨ ਪੂਰਨ ਸਹਿਯੋਗ
 ਦੇਸ਼ ਦੇ ਹਿੱਤ ਵਾਲੀ ਗੱਲ ਨਹੀਂ ਹੈ ਕਿ ਆਪਣੇ ਬੱਚਿਆਂ ਦੀ ਬੇਰੋਜ਼ਗਾਰੀ ਤੋਂ ਤੰਗ ਆਏ ਮਾਪੇ ਵੀ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ  ਨੂੰ ਵਿਦੇਸ਼ ਭੇਜਣ ਦੇ ਇੱਛੁਕ ਹਨ ਅਤੇ ਉਹ ਇਸ ਮਾਮਲੇ ’ਚ ਆਪਣੇ ਬੱਚਿਆਂ ਦਾ ਪੂਰਨ ਸਹਿਯੋਗ ਦੇ ਰਹੇ ਹਨ। ਇੱਥੇ ਹੀ ਬੱਸ ਨਹੀਂ, ਬਹੁਤੇ ਮਾਪਿਆਂ ਵੱਲੋਂ ਆਪਣੀ ਇਕੋ-ਇਕ ਸੰਤਾਨ ਨੂੰ ਵੀ ਆਪਣੀ ਪ੍ਰਵਾਹ ਨਾ ਕਰਦਿਆਂ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ ਗਿਆ ਹੈ। 
ਇਹ ਹੋਰ ਵੀ ਦੁੱਖਦਾਈ ਪਹਿਲੂ ਹੈ ਕਿ ਸਰਦੇ-ਪੁੱਜਦੇ ਮਾਪਿਆਂ ਤੋਂ ਇਲਾਵਾ ਮਿਡਲ ਅਤੇ ਗਰੀਬ ਦਰਜੇ ਦੇ ਘਰਾਣੇ ਵੀ ਸਿਰਫ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕਰਜ਼ਾ ਤੱਕ ਚੁੱਕ ਕੇ ਉਨ੍ਹਾਂ  ਨੂੰ ਵਿਦੇਸ਼ ਭੇਜਣ ਦੇ ਚਾਹਵਾਨ ਹਨ ਕਿਉਂਕਿ ਉਨ੍ਹਾਂ  ਨੂੰ ਆਪਣੇ ਪਡ਼੍ਹੇ-ਲਿਖੇ ਬੱਚਿਆਂ ਦੀ ਲਿਆਕਤ ਅਤੇ ਕੰਮ ਕਰਨ ਦੀ ਸਮਰਥਾ ’ਤੇ ਸਾਡੇ ਦੇਸ਼ ਦੇ ਨੇਤਾਵਾਂ ਨਾਲੋਂ ਕਿਤੇ ਵੱਧ ਭਰੋਸਾ ਹੈ। 
ਕਈ ਮਾਮਲਿਆਂ ਵਿਚ ਐੱਨ. ਆਰ. ਆਈ. ਰਿਸ਼ਤੇਦਾਰਾਂ ਵੱਲੋਂ ਵੀ ਇਸ ਮਾਮਲੇ ਵਿਚ ਆਪਣੇ ਪਰਿਵਾਰਾਂ ਦੇ ਪਡ਼੍ਹੇ-ਲਿਖੇ ਬੱਚਿਆਂ ਦੀ ਜ਼ਿੰਦਗੀ ਸੰਵਾਰਨ ਲਈ ਉਨ੍ਹਾਂ ਨੂੰ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ ਗਿਆ ਹੈ। 
ਢੁੱਕਵੇਂ ਰੋਜ਼ਗਾਰ ਲਈ ਕਿੱਥੇ ਜਾਣ ਨੂੰ ਦਿੰਦੇ ਹਨ ਤਰਜੀਹ
 ਵਿਦੇਸ਼ਾਂ ਵਿਚ ਢੁੱਕਵੇਂ ਰੋਜ਼ਗਾਰ ਦੀ ਗੱਲ ਕਰੀਏ ਤਾਂ ਕੰਪਿਊਟਰ ਅਤੇ ਹੋਰ ਤਕਨੀਕੀ ਸਿੱਖਿਆ ਪ੍ਰਾਪਤ ਨੌਜਵਾਨ ਰੂਸ, ਇੰਗਲੈਂਡ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਜਾਣ ਨੂੰ ਤਰਜੀਹ ਦਿੰਦੇ ਹਨ, ਜਦਕਿ ਘੱਟ ਪਡ਼੍ਹੇ-ਲਿਖੇ ਨੌਜਵਾਨ ਮਿਹਨਤ ਮਜ਼ਦੂਰੀ ਦੀ ਢੁੱਕਵੀਂ ਉੱਜਰਤ ਦੀ ਕਾਮਨਾ ਕਰ ਕੇ ਖਾਡ਼ੀ ਦੇਸ਼ਾਂ ਵੱਲ ਆਕਰਸ਼ਿਤ ਹੋ ਰਹੇ ਹਨ। ਇਹ ਹੋਰ ਵੀ ਸ਼ਰਮਨਾਕ ਤੱਥ ਹਨ ਕਿ ਅਜੋਕੇ ਯੁੱਗ ਦੇ ਨੌਜਵਾਨ ਆਪਣੇ ਦੇਸ਼ ਵਿਚ ਰਹਿਣ ਦੀ ਬਜਾਏ ਵਿਦੇਸ਼ਾਂ ਵਿਚ ਹੀ ਪੱਕੇ ਤੌਰ ’ਤੇ ਰਹਿ ਕੇ ਖੁਸ਼ੀ ਮਹਿਸੂਸ ਕਰਦੇ ਹਨ। 
ਨੌਜਵਾਨਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਸੱਚਾਈ, ਰਾਸ਼ਟਰਵਾਦ, ਵਚਨਬੱਧਤਾ, ਸਮਾਜਕ ਸੁਰੱਖਿਆ, ਸਹੀ ਰੋਜ਼ਗਾਰ, ਨਾਮਾਤਰ ਵਿਆਜ ’ਤੇ ਰਿਹਾਈਸ਼, ਵਾਹਨ ਅਤੇ ਜੀਵਨ ਦੀਆਂ ਹੋਰ ਸੁੱਖ-ਸੁਵਿਧਾਵਾਂ ਉਪਲੱਬਧ ਹਨ।
 ਇਸ ਲਈ ਉਹ ਵਿਦੇਸ਼ ਜਾਣ ਦੀ ਸੂਰਤ ਵਿਚ ਮੁਡ਼ ਆਪਣੇ ਦੇਸ਼ ਵਿਚ ਨਹੀਂ ਆਉਣਾ ਚਾਹੁੰਦੇ। 


Related News