ਬੇਕਾਬੂ ਟਿੱਪਰ ਨੇ 9 ਸਾਲਾ ਬੱਚੇ ਨੂੰ ਕੁਚਲਿਆ, ਹੋਈ ਦਰਦਨਾਕ ਮੌਤ
06/04/2023 2:14:12 AM

ਡੇਰਾਬੱਸੀ (ਅਨਿਲ)-ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਦੰਦਰਾਲਾ ਅਤੇ ਸਰਕਾਰੀ ਕਾਲਜ ਵਿਚਾਲੇ ਪੈਂਦੀ ਬਾਬਾ ਭੋਲਾ ਪੀਰ ਦਰਗਾਹ ’ਤੇ ਟਿੱਪਰ ਦੀ ਲਪੇਟ ’ਚ ਆਉਣ ਨਾਲ 9 ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਾਦਸਾ ਦੁਪਹਿਰ 3.45 ਵਜੇ ਵਾਪਰਿਆ। ਦਰਗਾਹ ਦੀ ਚਾਰਦੀਵਾਰੀ ਅੰਦਰ ਸੜਕ ਦੇ ਕਿਨਾਰੇ 9 ਸਾਲਾ ਨਿਤਿਨ ਪੁੱਤਰ ਪੰਕਜ ਕੁਮਾਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਨਿਤਿਨ ਆਪਣੇ ਦਾਦਾ ਸ਼ੰਕਰ ਪ੍ਰਸ਼ਾਦ ਨਾਲ ਭੰਡਾਰੇ ਲਈ ਰਾਹਗੀਰਾਂ ਤੋਂ ਚੰਦੇ ਦੀਆਂ ਪਰਚੀਆਂ ਕੱਟ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ
ਡੇਰਾਬੱਸੀ ਵਾਲੇ ਪਾਸਿਓਂ ਇਕ ਖਾਲੀ ਟਿੱਪਰ ਤੇਜ਼ ਰਫ਼ਤਾਰ ਨਾਲ ਆਇਆ ਅਤੇ ਬੇਕਾਬੂ ਹੋ ਕੇ ਸੱਜੇ ਪਾਸੇ ਦੀ ਕੰਧ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਚੇ ਨੂੰ ਕੁਚਲਣ ਤੋਂ ਪਹਿਲਾਂ ਟਿੱਪਰ ਨੇ ਕੰਧ ਵਿਚ ਲੱਗੇ ਵੱਡੇ ਗੇਟ ਦੇ ਨਾਲ-ਨਾਲ ਸੀਮੈਂਟ ਦੇ ਤਿੰਨ ਵੱਡੇ ਖੰਭਿਆਂ ਨੂੰ ਤੋੜ ਦਿੱਤਾ ਤੇ ਬੱਚੇ ਨੂੰ ਘੜੀਸ ਕੇ ਲੈ ਗਿਆ।
ਇਹ ਖ਼ਬਰ ਵੀ ਪੜ੍ਹੋ : ਫ਼ੌਜੀ ਦੇ ਛੁੱਟੀ ’ਤੇ ਆਉਣ ਦੀ ਉਡੀਕ ’ਚ ਸੀ ਪਰਿਵਾਰ, ਵਰਤ ਗਿਆ ਇਹ ਭਾਣਾ
ਬੱਚਾ 1 ਘੰਟਾ ਗੇਟ ਦੇ ਉੱਪਰ ਸੀਮੈਂਟ ਦੀ ਸਲੈਬ ਹੇਠਾਂ ਦੱਬਿਆ ਰਿਹਾ, ਜਿਸ ਨੂੰ ਜੇ. ਸੀ. ਬੀ. ਦੀ ਮਦਦ ਨਾਲ ਬਾਹਰ ਕੱਢਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਹਲਕਾ ਵਿਧਾਇਕ ਕੁਲਜੀਤ ਰੰਧਾਵਾ, ਏ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਅਤੇ ਐੱਸ. ਐੱਚ. ਓ. ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲਸ ਨੇ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।