ਨਹਿਰਾਂ ਅਤੇ ਰਜਬਾਹਿਆਂ 'ਚ ਪਾਣੀ ਦੀ ਬੰਦੀ ਕਾਰਨ ਕਿਸਾਨ ਨਰਮਾ ਬੀਜਣ ਤੋਂ ਅਸਮਰੱਥ

04/18/2018 12:43:41 PM

ਮੰਡੀ ਲੱਖੇਵਾਲੀ / ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਭਾਵੇਂ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਇਸ਼ਤਿਹਾਰ ਦੇ ਕੇ ਇਹ ਕਿਹਾ ਜਾ ਰਿਹਾ ਹੈ ਕਿ ਨਰਮੇਂ ਦੀ ਬਿਜਾਈ ਦਾ ਢੁੱਕਵਾ ਸਮਾਂ 15 ਅਪ੍ਰੈਲ ਤੋਂ 15 ਮਈ ਤੱਕ ਹੈ ਤੇ ਇਹਨਾਂ ਦਿਨਾਂ ਵਿਚਕਾਰ ਕਿਸਾਨ ਨਰਮੇਂ ਦੀ ਫ਼ਸਲ ਬੀਜ ਸਕਦੇ ਹਨ। ਖੇਤੀਬਾੜੀ ਵਿਭਾਗ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਰਮੇਂ ਦੀ ਬਿਜਾਈ ਲਈ ਨਹਿਰੀ ਪਾਣੀ 15 ਮਈ ਤੋਂ ਕਿਸਾਨਾਂ ਨੂੰ ਦੇਣਾ ਯਕੀਨੀ ਬਣਾਇਆ ਜਾਵੇਗਾ। ਪਰ ਕੁਝ ਨਹਿਰਾਂ ਅਤੇ ਰਜਬਾਹਿਆਂ ਵਿਚ ਪਾਣੀ ਦੀ ਬੰਦੀ ਹੋਣ ਕਰਕੇ ਨਹਿਰਾਂ ਅਤੇ ਰਜਬਾਹੇ ਸੁੱਕੇ ਪਏ ਹਨ। ਜਿਸ ਕਰਕੇ ਕਿਸਾਨ ਵਰਗ ਨਿਰਾਸ਼ ਹੈ , ਕਿਉਂਕਿ ਪਾਣੀ ਤੋਂ ਬਿਨਾਂ ਕਿਸਾਨ ਨਰਮੇਂ ਦੀ ਫ਼ਸਲ ਨੂੰ ਕਿਸ ਤਰਾਂ ਬੀਜਣਗੇ। ਕਿਸਾਨ ਸਤਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਝੀਡਵਾਲਾ ਤੋਂ ਨਿਕਲਦਾ ਮਾਈਨਰ ਜੋ ਅਰਨੀਵਾਲਾ ਤੱਕ ਇਕ ਦਰਜਨ ਤੋਂ ਵੱਧ ਪਿੰਡਾਂ ਦੀਆਂ ਜਮੀਨਾਂ ਨੂੰ ਨਹਿਰੀ ਪਾਣੀ ਦਿੰਦਾ ਹੈ, ਵਿਚ ਪਾਣੀ ਦੀ ਬੰਦੀ ਹੈ। ਉਹਨਾਂ ਕਿਹਾ ਕਿ ਚੰਦਭਾਨ ਡਰੇਨ ਵਿਚ ਤਾਂ ਨਹਿਰਾਂ ਦਾ ਪਾਣੀ ਛੱਡਿਆ ਹੋਇਆ ਹੈ। ਪਰ ਰਜਬਾਹੇ ਦੇ ਮੋਘਿਆਂ ਵਿਚ ਪਾਣੀ ਨਹੀਂ ਪੈ ਰਿਹਾ। ਜਿਸ ਕਰਕੇ ਕਿਸਾਨ ਵਰਗ ਨਰਮਾ ਬੀਜਣ ਲਈ ਔਖਾ ਹੈ। ਉਹਨਾਂ ਕਿਹਾ ਕਿ ਜਦ ਵਿਭਾਗ ਨਰਮਾ ਬੀਜਣ ਲਈ ਕਹਿੰਦਾ ਹੈ ਤਾਂ ਫੇਰ ਸਰਕਾਰ ਨਹਿਰੀ ਪਾਣੀ ਦਾ ਵੀ ਕਿਸਾਨਾਂ ਨੂੰ ਪ੍ਰਬੰਧ ਕਰਕੇ ਦੇਵੇ। ਕਿਸਾਨਾਂ ਨੇ ਦੱਸਿਆ ਕਿ ਜਦ ਖੇਤੀਬਾੜੀ ਵਿਭਾਗ ਦੇ ਇਸ਼ਤਿਹਾਰ ਹੇਠਾਂ ਦਿੱਤੇ ਗਏ ਨੰਬਰ ਤੇ ਗੱਲ ਕੀਤੀ ਗਈ ਤਾਂ ਫੋਨ ਸੁਨਣ ਵਾਲੇ ਨੇ ਕਿਹਾ ਕਿ ਤੁਸੀਂ ਬਠਿੰਡਾ ਵਿਖੇ ਗੁਰਤੇਜ ਸਿੰਘ ਨਾਲ ਗੱਲ ਕਰੋ ਤੇ ਜਦ ਗੁਰਤੇਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਅੱਗੋਂ ਸ੍ਰੀ ਮੁਕਤਸਰ ਸਾਹਿਬ ਦਾ ਨੰਬਰ ਦੇ ਦਿੱਤਾ। ਸ੍ਰੀ ਮੁਕਤਸਰ ਸਾਹਿਬ ਵਾਲਿਆ ਨੇ ਇਹ ਕਹਿ ਆਪਣਾ ਪੱਲਾ ਛੁਡਾ ਲਾਇਆ ਕਿ ਅਸੀਂ ਤਾਂ ਸਿੰਚਾਈ ਵਿਭਾਗ ਨੂੰ ਲਿਖ ਕੇ ਦਿੱਤਾ ਹੋਇਆ ਹੈ ਤੇ ਏ ਡੀ ਸੀ ਸਾਹਿਬ ਤੋਂ ਵੀ ਅਖਵਾਇਆ ਹੋਇਆ ਹੈ। ਪਰ ਸਿੰਚਾਈ ਵਿਭਾਗ ਵਾਲੇ ਸਾਡੀ ਗੱਲ ਹੀ ਨਹੀਂ ਸੁਣਦੇ। ਸਿੰਚਾਈ ਵਿਭਾਗ ਦੇ ਐਕਸੀਅਨ ਨਾਲ ਜਦ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਫੋਨ ਹੀ ਨਹੀਂ ਚੁੱਕਿਆ।


Related News