ਆਟੋ ’ਚ ਬੈਠੀ ਔਰਤ ਕੋਲੋਂ ਲੁੱਟੇ ਸਨ 2 ਲੱਖ ਰੁਪਏ, 2 ਦਿਨਾਂ ਬਾਅਦ ਚਾਲਕ ਅੜਿੱਕੇ

Monday, Jan 14, 2019 - 05:23 AM (IST)

ਆਟੋ ’ਚ ਬੈਠੀ ਔਰਤ ਕੋਲੋਂ ਲੁੱਟੇ ਸਨ 2 ਲੱਖ ਰੁਪਏ, 2 ਦਿਨਾਂ ਬਾਅਦ ਚਾਲਕ ਅੜਿੱਕੇ

ਲੁਧਿਆਣਾ, (ਰਿਸ਼ੀ)- ਰੇਲਵੇ ਸਟੇਸ਼ਨ ਜਾਣ ਲਈ ਘਰੋਂ ਆਟੋ ਵਿਚ ਬੈਠੀ ਔਰਤ ਨੂੰ ਆਟੋ ਚਾਲਕ ਨੇ  ਲੁੱਟ ਦਾ ਸ਼ਿਕਾਰ ਬਣਾ ਲਿਆ ਅਤੇ 2 ਲੱਖ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ। ਥਾਣਾ ਕੋਤਵਾਲੀ ਦੀ ਪੁਲਸ ਨੇ 2 ਦਿਨਾਂ ਬਾਅਦ ਮੁਲਜ਼ਮ ਨੂੰ ਸੂਚਨਾ ਦੇ ਅਾਧਾਰ ’ਤੇ ਆਟੋ ਸਮੇਤ  ਕਾਬੂ ਕਰ ਲਿਆ। ਪੁਲਸ ਅਨੁਸਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।  ਥਾਣਾ ਇੰਚਾਰਜ ਅਮਨਦੀਪ ਸਿੰਘ ਅਨੁਸਾਰ ਫਡ਼ੇ ਗਏ ਮੁਲਜ਼ਮ ਦੀ ਪਛਾਣ ਕ੍ਰਿਪਾਲ ਸਿੰਘ ਵਾਸੀ ਬਾਡ਼ੇਵਾਲ ਵਜੋਂ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਆਸ਼ਾਪੁਰੀ ਦੀ ਰਹਿਣ ਵਾਲੀ ਸ਼ਸ਼ੀ ਬਾਲਾ (50) ਨੇ ਦੱਸਿਆ ਕਿ 10 ਜਨਵਰੀ ਨੂੰ ਦੁਪਹਿਰ 2 ਵਜੇ ਉਹ ਘਰੋਂ ਅੰਮ੍ਰਿਤਸਰ ਜਾਣ ਲਈ ਨਿਕਲੀ ਸੀ। ਰੇਲਵੇ ਸਟੇਸ਼ਨ ਜਾਣ ਲਈ ਉਹ ਆਟੋ ਵਿਚ ਬੈਠ ਗਈ।  ਜਦੋਂ ਉਹ ਰੇਲਵੇ ਸਟੇਸ਼ਨ ਪੁੱਜ ਕੇ ਆਟੋ ’ਚੋਂ ਹੇਠਾਂ ਉਤਰਨ ਲੱਗੀ ਤਾਂ ਮੁਲਜ਼ਮ ਨੇ ਬੈਗ ਝਪਟ ਲਿਆ ਤੇ ਫਰਾਰ ਹੋ ਗਿਆ। ਔਰਤ ਨੇ ਰੌਲਾ ਪਾਇਆ ਤਾਂ ਰਾਹਗੀਰ ਇਕੱਠੇ ਹੋ ਗਏ ਪਰ ਮੁਲਜ਼ਮ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਨੇਡ਼ੇ ਲੱਗੇ ਕੈਮਰਿਆਂ ਦੀ ਫੁਟੇਜ ਦੇ ਜ਼ਰੀਏ ਭਾਲ ਸ਼ੁਰੂ ਕੀਤੀ ਅਤੇ ਸ਼ਨੀਵਾਰ ਨੂੰ ਉਸ  ਨੂੰ  ਲੋਕਲ ਬੱਸ ਸਟੈਂਡ ਨੇਡ਼ਿਓਂ ਦਬੋਚ ਲਿਆ।


Related News