ਮਾਛੀਵਾੜਾ ਸਾਹਿਬ ਵਿਖੇ ਮੰਦਭਾਗੀ ਘਟਨਾ, ਗਊਆਂ ਦੀ ਹੱਤਿਆ ਕਰ ਨਹਿਰ ’ਚ ਸੁੱਟੇ ਅੰਗ

Friday, May 27, 2022 - 03:41 PM (IST)

ਮਾਛੀਵਾੜਾ ਸਾਹਿਬ ਵਿਖੇ ਮੰਦਭਾਗੀ ਘਟਨਾ, ਗਊਆਂ ਦੀ ਹੱਤਿਆ ਕਰ ਨਹਿਰ ’ਚ ਸੁੱਟੇ ਅੰਗ

ਮਾਛੀਵਾੜਾ ਸਾਹਿਬ(ਟੱਕਰ): ਮਾਛੀਵਾੜਾ ਨੇੜੇ ਬੜੀ ਹੀ ਮੰਦਭਾਗੀ ਘਟਨਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਾਛੀਵਾੜਾ ਨੇੜੇ ਹੀ ਵਗਦੀ ਸਰਹਿੰਦ ਨਹਿਰ ਵਿਚ ਸ਼ਰਾਰਤੀ ਅਨਸਰ ਗਊਆਂ ਦੀ ਹੱਤਿਆ ਕਰ ਉਨ੍ਹਾਂ ਦੇ ਅੰਗ ਨਹਿਰ ਵਿਚ ਸੁੱਟ ਗਏ ਜਿਸ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦੇ ਪਵਾਤ ਪੁਲ ’ਤੇ ਬੀਤੇ ਦਿਨੀਂ ਕਿਸੇ ਵਿਅਕਤੀ ਨੇ ਦੇਖਿਆ ਕਿ ਕਾਫ਼ੀ ਮਾਤਰਾ ਵਿਚ ਥੈਲੇ ਅਤੇ ਕੁਝ ਗਊਆਂ ਦੇ ਅੰਗ ਪਾਣੀ ਵਿਚ ਤੈਰ ਰਹੇ ਸਨ ਜਿਸ ਸਬੰਧੀ ਤੁਰੰਤ ਮਾਛੀਵਾੜਾ ਪੁਲਸ ਥਾਣਾ ਵਿਖੇ ਸੂਚਨਾ ਦਿੱਤੀ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਿਵ ਸੈਨਾ ਆਗੂ ਰਮਨ ਵਢੇਰਾ ਅਤੇ ਸਮਾਜ ਸੇਵੀ ਨੀਰਜ ਸਿਹਾਲਾ ਵੀ ਮੌਕੇ ’ਤੇ ਪਹੁੰਚ ਗਏ ਅਤੇ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੋਂ ਇਲਾਵਾ ਥਾਣਾ ਮੁੱਖੀ ਵਿਜੈ ਕੁਮਾਰ ਵੀ ਸਥਿਤੀ ਦਾ ਜਾਇਜ਼ਾ ਲੈਣ ਆਏ। ਪਾਣੀ ਵਿਚ ਤੈਰਦੇ ਗਊਆਂ ਦੇ ਅੰਗਾਂ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸ਼ਰਾਰਤੀ ਅਨਸਰਾਂ ਵਲੋਂ ਉਨ੍ਹਾਂ ਦਾ ਮਾਸ ਵੱਢ ਕੇ ਚਮੜੀ ਅਤੇ ਹੋਰ ਅੰਗਾਂ ਨੂੰ ਥੈਲਿਆਂ ’ਚ ਬੰਦ ਕਰ ਕੇ ਖੁੱਲੇ ਪਾਣੀ ਵਿਚ ਸੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ- ਦੁਬਈ ਤੋਂ ਆਏ ਯਾਤਰੀ ਕੋਲੋਂ ਬਰਾਮਦ ਹੋਈਆਂ 2 ਕਰੋੜ ਦੀਆਂ ਸੋਨੇ ਦੀਆਂ 'ਇੱਟਾਂ'

ਪਵਾਤ ਪੁਲ ਦੀ ਇਕ ਕੰਧ ’ਤੇ ਖੂਨ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਸਥਾਨ ਤੋਂ ਗਊਆਂ ਦੇ ਅੰਗਾਂ ਨੂੰ ਨਹਿਰ ਵਿਚ ਸੁੱਟਿਆ ਗਿਆ। ਨਹਿਰ ਵਿਚ ਪਾਣੀ ਘੱਟ ਹੋਣ ਕਾਰਨ ਇਹ ਗਊਆਂ ਦੇ ਅੰਗ ਅਤੇ ਭਰੇ ਥੈਲੇ ਰੁੜ ਨਾ ਸਕੇ ਜਿਸ ਕਾਰਨ ਇਹ ਸਾਰੀ ਘਟਨਾ ਬਾਰੇ ਜਾਣਕਾਰੀ ਮਿਲ ਸਕੀ। ਇਸ ਮੌਕੇ ਥਾਣਾ ਮੁੱਖੀ ਵਿਜੈ ਕੁਮਾਰ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਰਮਨ ਵਢੇਰਾ ਅਤੇ ਨੀਰਜ ਸਿਹਾਲਾ ਦੇ ਬਿਆਨਾਂ ਦੇ ਆਧਾਰ ’ਤੇ ਗਊਆਂ ਦੀ ਹੱਤਿਆ ਕਰਨ ਦੇ ਕਥਿਤ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਜਲਦ ਹੀ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਗਊਆਂ ਦੇ ਸਾਰੇ ਅੰਗਾਂ ਨੂੰ ਬਾਹਰ ਕੱਢ ਵੈਟਨਰੀ ਡਾਕਟਰਾਂ ਦੇ ਇੱਕ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਵੇ। ਥਾਣਾ ਮੁੱਖੀ ਨੇ ਕਿਹਾ ਕਿ ਸਰਹਿੰਦ ਨਹਿਰ ’ਚੋਂ ਗਊਆਂ ਦੇ ਸਾਰੇ ਅੰਗ ਬਾਹਰ ਕੱਢਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਜਿਨ੍ਹਾਂ ਦੀ ਹੱਤਿਆ ਕੀਤੀ ਗਈ ਉਨ੍ਹਾਂ ਦੀ ਕਿੰਨੀ ਗਿਣਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਗਊਆਂ ਦੀ ਗਿਣਤੀ 5 ਤੋਂ ਵੱਧ ਲੱਗ ਰਹੀ ਸੀ।

ਇਹ ਵੀ ਪੜ੍ਹੋ- 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ

ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ’ਚ: ਰਮਨ ਵਢੇਰਾ

ਇਸ ਮੌਕੇ ਸ਼ਿਵ ਸੈਨਾ ਆਗੂ ਰਮਨ ਵਢੇਰਾ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਅਤੇ ਅਜਿਹੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦਾ ਪੁਲਸ ਪ੍ਰਸ਼ਾਸਨ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਰਮਨ ਵਢੇਰਾ ਨੇ ਕਿਹਾ ਕਿ ਗਊ ਹੱਤਿਆ ਕਾਰਨ ਹਿੰਦੂ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਪੁਲਸ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਨ ਕਿ ਜਲਦ ਇਸ ਘਿਨੌਣੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸਾਜਿਸ਼ਕਰਤਾ ਨੂੰ ਬੇਨਕਾਬ ਕਰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

Anuradha

Content Editor

Related News