ਟ੍ਰੈਫਿਕ ਸਮੱਸਿਆ ਨਾਲ ਜੂਝ ਰਹੇ ਹਨ ਸ਼ਹਿਰ ਵਾਸੀ

Saturday, Nov 10, 2018 - 01:53 AM (IST)

ਟ੍ਰੈਫਿਕ ਸਮੱਸਿਆ ਨਾਲ ਜੂਝ ਰਹੇ ਹਨ ਸ਼ਹਿਰ ਵਾਸੀ

ਭੀਖੀ, (ਸੰਦੀਪ)- ਵੈਸੇ ਤਾਂ ਸ਼ਹਿਰ ਅੰਦਰ ਸਮੱਸਿਆਵਾਂ ਦੀ ਭਰਮਾਰ ਹੈ ਪਰ ਸ਼ਹਿਰ ਭੀਖੀ ਅੰਦਰ ਟ੍ਰੈਫਿਕ ਦੀ ਸਮੱਸਿਆ ਦਿਨ-ਬ-ਦਿਨ ਵਿਕਰਾਲ ਹੁੰਦੀ ਜਾ ਰਹੀ ਹੈ ਜਿਸਦਾ ਪ੍ਰਸ਼ਾਸਨ ਵੱਲ ਕੋਈ ਧਿਆਨ ਨਹੀਂ ਹੈ। ਸ਼ਹਿਰ ’ਚੋਂ ਲੰਘਦੇ ਭਵਾਨੀਗਡ਼੍ਹ-ਕੋਟਸ਼ਮੀਰ ਰਾਜਮਾਰਗ 12-ਏ ਦੇ ਕਿਨਾਰੇ ਲੱਗੀਆਂ ਫਲ ਅਤੇ ਸਬਜ਼ੀਆਂ ਦੀਆਂ ਰੇਹਡ਼ੀਆਂ ਵਾਲੇ ਆਪਣੀਆਂ ਰੇਹਡ਼ੀਆਂ ਤੋਂ ਗਲੀਆਂ-ਸਡ਼ੀਆਂ ਸਬਜ਼ੀਆਂ ਅਤੇ ਫਲ ਸਡ਼ਕ ਕਿਨਾਰੇ ਸੁੱਟ ਦਿੰਦੇ ਹਨ ਜਿੰਨ੍ਹਾਂ ਨੂੰ ਖਾਣ ਲਈ ਅਵਾਰਾ ਪਸ਼ੂ ਇਕੱਠੇ ਹੋ ਜਾਂਦੇ ਹਨ ਜੋ ਆਮ ਤੌਰ ’ਤੇ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਟ੍ਰੈਫਿਕ ਵਿਵਸਥਾ ’ਚ ਵਿਘਨ ਪਾਉਂਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਬਾਜ਼ਾਰ ਥਾਣਾ ਰੋਡ ਉੱਪਰ ਟ੍ਰੈਫਿਕ ਦੀ ਸਮੱਸਿਆ ਸਭ ਤੋਂ ਜਿਆਦਾ ਹੈ ਜਿੱਥੇ ਆਮ ਤੌਰ ’ਤੇ ਜਾਮ ਲੱਗ ਜਾਂਦਾ ਹੈ, ਕਿਉਂਕਿ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬਾਹਰ ਆਪਣੀ ਸਹੂਲਤ ਮੁਤਾਬਕ ਸ਼ੈੱਡ ਅਤੇ ਚੌਂਤਰੇ ਬਣਾਏ ਹੋਏ ਹਨ ਇਸ ਦੇ ਨਾਲ-ਨਾਲ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਮਾਨ ਅਤੇ ਫਲੈਕਸ ਬੋਰਡ ਰੱਖ ਲਏ ਜਾਂਦੇ ਹਨ ਅਤੇ ਰਹਿੰਦੀ-ਖੂੰਹਦੀ ਘਾਟ ਇੰਨ੍ਹਾਂ ਦੁਕਾਨਾਂ ’ਤੇ ਆਉਣ ਵਾਲੇ ਗਾਹਕ ਦੁਕਾਨਾਂ ਬਾਹਰ ਆਪਣੇ ਵਹੀਕਲ ਖਡ਼੍ਹੇ ਕਰਕੇ ਪੂਰੀ ਕਰ ਦਿੰਦੇ ਹਨ। ਅਜਿਹੇ ’ਚ ਕੋਈ ਵਹੀਕਲ ਦਾ ਲੰਘਣਾ ਤਾਂ ਕੀ ਪੈਦਲ ਲੰਘਣਾ ਵੀ ਬਡ਼ਾ ਮੁਸ਼ਕਿਲ ਜਾਪਦਾ ਹੈ। ਜਿਕਰਯੋਗ ਹੈ ਕਿ ਇਸ ਸਡ਼ਕ ਉੱਪਰ ਸ਼ਹਿਰ ਦਾ ਸਿਵਲ ਹਸਪਤਾਲ ਅਤੇ ਪੁਲਸ ਸਟੇਸ਼ਨ ਵੀ ਹੈ। ਅਜਿਹੀ ਜਾਮ ਵਾਲੀ ਅਵਸਥਾ ’ਚ ਜੇਕਰ ਕਿਤੇ ਕਿਸੇ ਮਰੀਜ਼ ਨੂੰ ਗੰਭੀਰ ਹਾਲਤ ’ਚ ਬਾਹਰ ਲਿਜਾਣਾ ਹੋਵੇ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੀ ਹਾਲ ਹੋਵੇਗਾ ਉਸਦਾ। ਇਸੇ ਤਰ੍ਹਾਂ ਦੀ ਹੀ ਸਮੱਸਿਆ ਬਰਨਾਲਾ ਰੋਡ ਅਤੇ ਗੁਰਦੁਆਰਾ ਰੋਡ ’ਤੇ ਵੀ ਹੈ। ਭਾਵੇਂ ਬੀਤੇ ਦਿਨੀਂ ਨਗਰ ਪੰਚਾਇਤ ਵੱਲੋਂ ਬੀਤੇ ਦਿਨੀਂ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਇੰਨ੍ਹਾਂ ਰੇਹਡ਼ੀ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਹ ਵੀ ਮਾਤਰ ਇੱਕ ਡਰਾਮਾ ਹੀ ਸਾਬਿਤ ਹੋਈ। ਸ਼ਹਿਰ ਵਾਸੀਆਂ ਦੀ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਹੈ ਕਿ ਸ਼ਹਿਰ ਅੰਦਰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਕੋਈ ਪੁਖਤਾ ਇੰਤਜ਼ਾਮ ਕੀਤੇ ਜਾਣ। 


Related News