ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਕਤਲ ਕੇਸ ਦੀ ਪੇਸ਼ੀ ਭੁਗਤਣ ਜਾ ਰਹੇ ਬੰਦੇ ਨੂੰ ਕੁਹਾੜੀ ਨਾਲ ਵੱਢਿਆ; ਹੋਈ ਮੌਤ

Friday, Nov 06, 2026 - 06:22 PM (IST)

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਕਤਲ ਕੇਸ ਦੀ ਪੇਸ਼ੀ ਭੁਗਤਣ ਜਾ ਰਹੇ ਬੰਦੇ ਨੂੰ ਕੁਹਾੜੀ ਨਾਲ ਵੱਢਿਆ; ਹੋਈ ਮੌਤ

ਬਠਿੰਡਾ (ਵਿਜੇ ਵਰਮਾ): ਬਠਿੰਡਾ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੰਦਿਆਂ ਬੇਖੌਫ਼ ਹਮਲਾਵਰਾਂ ਨੇ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਅਦਾਲਤ ਵਿਚ ਪੇਸ਼ੀ ਭੁਗਤਣ ਜਾ ਰਹੇ ਨੌਜਵਾਨ ਨੂੰ ਰਸਤੇ ਵਿਚ ਘੇਰ ਕੇ ਪਹਿਲਾਂ ਉਸ ਦੀ ਕਾਰ ਰੁਕਵਾਈ ਗਈ ਅਤੇ ਫਿਰ ਜਾਨ ਬਚਾ ਕੇ ਭੱਜੇ ਨੌਜਵਾਨ ਦਾ ਖੇਤਾਂ ਤੱਕ ਪਿੱਛਾ ਕੀਤਾ ਗਿਆ। ਉੱਥੇ ਹਮਲਾਵਰਾਂ ਨੇ ਕੁਹਾੜੀ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ ’ਤੇ ਇੰਨੇ ਵਾਰ ਕੀਤੇ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਅਤੇ ਨੌਜਵਾਨ ਦੀ ਲਾਸ਼ ਖੇਤਾਂ ਵਿਚ ਪਈ ਰਹਿ ਗਈ। ਇਸ ਸਨਸਨੀਖੇਜ਼ ਕਤਲ ਪਿੱਛੇ ਕਰੀਬ ਡੇਢ ਸਾਲ ਪੁਰਾਣੇ ਕਤਲ ਦਾ ਬਦਲਾ ਲੈਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਮ੍ਰਿਤਕ ਦੀ ਪਛਾਣ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਮਸੀਤਾਂ (ਡੱਬਵਾਲੀ) ਵਾਸੀ ਕੁਲਦੀਪ ਸਿੰਘ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੁਲਦੀਪ ਆਪਣੀ ਆਲਟੋ ਕਾਰ (HR 94 2706) ਵਿਚ ਆਪਣੇ ਇਕ ਸਾਥੀ ਨਾਲ ਤਲਵੰਡੀ ਸਾਬੋ ਅਦਾਲਤ ਵਿਚ ਪੇਸ਼ੀ ਭੁਗਤਣ ਜਾ ਰਿਹਾ ਸੀ, ਪਰ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਰਸਤੇ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਪਿੱਛਾ ਕਰਕੇ ਰੁਕਵਾਈ ਕਾਰ, ਜਾਨ ਬਚਾਉਣ ਲਈ ਖੇਤਾਂ ਵੱਲ ਭੱਜਿਆ ਨੌਜਵਾਨ

ਜਾਣਕਾਰੀ ਅਨੁਸਾਰ ਸ਼ੁੱਕਰਵਾਰ 6 ਨਵੰਬਰ ਨੂੰ ਸਵੇਰੇ ਕਰੀਬ 11:45 ਵਜੇ ਜਦੋਂ ਕੁਲਦੀਪ ਸਿੰਘ ਬਠਿੰਡਾ-ਡੱਬਵਾਲੀ ਰੋਡ ’ਤੇ ਪਿੰਡ ਪਥਰਾਲਾ ਨੇੜੇ ਪਹੁੰਚਿਆ ਤਾਂ ਇਕ ਹੋਰ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰੀ ’ਤੇ ਹਮਲਾਵਰਾਂ ਨੇ ਉਸ ਦੀ ਕਾਰ ਰੁਕਵਾ ਲਈ। ਖ਼ਤਰੇ ਨੂੰ ਭਾਂਪਦਿਆਂ ਕੁਲਦੀਪ ਕਾਰ ਵਿੱਚੋਂ ਉਤਰ ਕੇ ਆਪਣੀ ਜਾਨ ਬਚਾਉਣ ਲਈ ਪਿੰਡ ਪਥਰਾਲਾ ਵਾਸੀ ਗੁਰਦੀਪ ਸਿੰਘ ਪੁੱਤਰ ਦਾਨ ਸਿੰਘ ਦੇ ਖੇਤਾਂ ਵੱਲ ਭੱਜਿਆ, ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ।

ਖੇਤਾਂ ਵਿਚ ਪਹੁੰਚਦਿਆਂ ਹੀ ਮੁਲਜ਼ਮਾਂ ਨੇ ਉਸ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਕੁਹਾੜੀ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੇ ਸਿਰ ’ਤੇ ਲਗਾਤਾਰ ਕਈ ਵਾਰ ਕੀਤੇ ਗਏ। ਹਮਲਾ ਇੰਨਾ ਘਾਤਕ ਸੀ ਕਿ ਕੁਲਦੀਪ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ।

ਗੁਰਸੇਵਕ ਕਤਲ ਕਾਂਡ ਦਾ ਬਦਲਾ ਲੈਣ ਦਾ ਸ਼ੱਕ, ਜ਼ਮਾਨਤ ’ਤੇ ਆਇਆ ਸੀ ਬਾਹਰ

ਇਸ ਕਤਲ ਕਾਂਡ ਦੀ ਅਹਿਮ ਕੜੀ ਕਰੀਬ ਡੇਢ ਸਾਲ ਪੁਰਾਣੇ ਇਕ ਕਤਲ ਨਾਲ ਜੁੜਦੀ ਦਿਖਾਈ ਦੇ ਰਹੀ ਹੈ। ਪੁਲਸ ਦੀ ਮੁੱਢਲੀ ਜਾਂਚ ਅਨੁਸਾਰ ਕੁਲਦੀਪ ਸਿੰਘ ’ਤੇ ਪਿੰਡ ਮਸੀਤਾਂ ਵਾਸੀ ਗੁਰਸੇਵਕ ਸਿੰਘ ਦੇ ਕਤਲ ਦਾ ਦੋਸ਼ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਉਹ ਜੇਲ੍ਹ ਵੀ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲਸ ਨੂੰ ਸ਼ੱਕ ਹੈ ਕਿ ਗੁਰਸੇਵਕ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਦੂਜੇ ਪੱਖ ਨੇ ਕੁਲਦੀਪ ਨੂੰ ਨਿਸ਼ਾਨਾ ਬਣਾਇਆ। ਦੋਵਾਂ ਧਿਰਾਂ ਵਿਚਕਾਰ ਪਹਿਲਾਂ ਤੋਂ ਹੀ ਪਰਿਵਾਰਕ ਰੰਜਿਸ਼ ਅਤੇ ਕਈ ਮੁਕੱਦਮਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਕਤਲ ਦੇ ਅਸਲ ਕਾਰਨਾਂ ਅਤੇ ਸਾਜ਼ਿਸ਼ ਦੀ ਪੂਰੀ ਤਸਵੀਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।

ਇਕ ਲੜਕੀ ਸਮੇਤ ਛੇ ਨਾਮਜ਼ਦ, ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕਤਲ ਦਾ ਕੇਸ

ਥਾਣਾ ਸੰਗਤ ਪੁਲਸ ਨੇ ਇਸ ਮਾਮਲੇ ਵਿਚ ਇਕ ਲੜਕੀ ਸਮੇਤ ਛੇ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕਤਲ ਦਾ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਮੁਲਜ਼ਮਾਂ ਵਿਚ ਹਰਸ਼ ਸਿੰਘ ਵਾਸੀ ਪਿੰਡ ਮਸੀਤਾਂ ਡੱਬਵਾਲੀ, ਸਚਿਨ ਬਿਸ਼ਨੋਈ ਵਾਸੀ ਐਲਨਾਬਾਦ (ਹਰਿਆਣਾ), ਸੁਖਬੀਰ ਸਿੰਘ ਵਾਸੀ ਡੱਬਵਾਲੀ, ਵੀਰਦਵਿੰਦਰ ਸਿੰਘ ਉਰਫ਼ ਗੋਰੀ ਵਾਸੀ ਡੱਬਵਾਲੀ, ਸਰਬਜੀਤ ਸਿੰਘ ਵਾਸੀ ਡੱਬਵਾਲੀ ਅਤੇ ਸੱਤੀ ਕੌਰ ਸ਼ਾਮਲ ਹਨ।
ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ। ਸੀ.ਆਈ.ਏ. ਅਤੇ ਥਾਣਾ ਸੰਗਤ ਪੁਲਿਸ ਦੀਆਂ ਟੀਮਾਂ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀਆਂ ਹਨ।

ਕਤਲ ਅਤੇ ਕੁੱਟਮਾਰ ਦੇ ਕਈ ਮਾਮਲੇ ਸਨ ਦਰਜ

ਥਾਣਾ ਸੰਗਤ ਦੇ ਐੱਸ.ਐੱਚ.ਓ. ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਕਤਲ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਸਨ। ਉਹ ਕਤਲ ਦੇ ਇਕ ਮਾਮਲੇ ਵਿਚ ਜੇਲ੍ਹ ਵਿੱਚ ਬੰਦ ਰਿਹਾ ਸੀ ਅਤੇ ਹਾਲ ਹੀ ਵਿਚ ਜ਼ਮਾਨਤ ’ਤੇ ਬਾਹਰ ਆਇਆ ਸੀ। ਸ਼ੁੱਕਰਵਾਰ ਨੂੰ ਉਹ ਆਪਣੇ ਖ਼ਿਲਾਫ਼ ਚੱਲ ਰਹੇ ਕੁੱਟਮਾਰ ਦੇ ਇੱਕ ਮਾਮਲੇ ਵਿਚ ਤਲਵੰਡੀ ਸਾਬੋ ਅਦਾਲਤ ਵਿਚ ਪੇਸ਼ੀ ਭੁਗਤਣ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿਚ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਕਤਲ ਕਰ ਦਿੱਤਾ।

ਫੋਰੈਂਸਿਕ ਟੀਮ ਨੇ ਇਕੱਠੇ ਕੀਤੇ ਸਬੂਤ, ਸੀ.ਆਈ.ਏ. ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ

ਡੀ.ਐੱਸ.ਪੀ. ਦਿਹਾਤੀ ਨੇ ਦੱਸਿਆ ਕਿ ਪਿੰਡ ਪਥਰਾਲਾ ਨੇੜੇ ਖੇਤਾਂ ਵਿਚ ਇਕ ਵਿਅਕਤੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ। ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਵਾਰਾਂ ਦੇ ਨਿਸ਼ਾਨ ਮਿਲੇ ਹਨ। ਘਟਨਾ ਸਥਾਨ ’ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਜ਼ਰੂਰੀ ਸਬੂਤ ਇਕੱਠੇ ਕੀਤੇ ਗਏ ਹਨ।

ਡੀ.ਐੱਸ.ਪੀ. ਅਨੁਸਾਰ ਮੁੱਢਲੀ ਜਾਂਚ ਵਿਚ ਦੋਵਾਂ ਧਿਰਾਂ ਵਿਚਕਾਰ ਪੁਰਾਣੀ ਪਰਿਵਾਰਕ ਰੰਜਿਸ਼ ਅਤੇ ਪਹਿਲਾਂ ਤੋਂ ਦਰਜ ਮੁਕੱਦਮਿਆਂ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਵੱਡਾ ਸਵਾਲ: ਪੇਸ਼ੀ ’ਤੇ ਜਾਣ ਵਾਲੇ ਨੌਜਵਾਨ ਦੀ ਆਵਾਜਾਈ ਦੀ ਜਾਣਕਾਰੀ ਹਮਲਾਵਰਾਂ ਨੂੰ ਕਿਵੇਂ ਮਿਲੀ?

ਅਦਾਲਤ ਵਿਚ ਪੇਸ਼ੀ ਭੁਗਤਣ ਜਾ ਰਹੇ ਨੌਜਵਾਨ ਦਾ ਰਸਤੇ ਵਿਚ ਪਿੱਛਾ ਕਰਕੇ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਨੂੰ ਉਸ ਦੀ ਆਵਾਜਾਈ ਬਾਰੇ ਪਹਿਲਾਂ ਤੋਂ ਜਾਣਕਾਰੀ ਕਿਵੇਂ ਮਿਲੀ? ਕੀ ਇਸ ਕਤਲ ਦੀ ਸਾਜ਼ਿਸ਼ ਪਹਿਲਾਂ ਹੀ ਤਿਆਰ ਕਰ ਲਈ ਗਈ ਸੀ? ਕੀ ਹਮਲਾਵਰਾਂ ਨੂੰ ਪਤਾ ਸੀ ਕਿ ਕੁਲਦੀਪ ਕਿਸ ਸਮੇਂ ਅਤੇ ਕਿਹੜੇ ਰਸਤੇ ਰਾਹੀਂ ਅਦਾਲਤ ਜਾਵੇਗਾ? ਹੁਣ ਪੁਲਸ ਜਾਂਚ ਦੌਰਾਨ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੇ ਜਾ ਰਹੇ ਹਨ।
 


author

Anmol Tagra

Content Editor

Related News