ਟ੍ਰੈਫਿਕ ਪੁਲਸ ਹੋਈ ਸਖ਼ਤ ; ਗੱਡੀਆਂ ਦੇ ਟਾਇਰ ਕੀਤੇ ਜਾਣ ਲੱਗੇ ਲਾਕ

01/12/2022 10:41:25 AM

ਮਾਨਸਾ (ਸੰਦੀਪ ਮਿੱਤਲ) : ਮਾਨਸਾ ਸ਼ਹਿਰ ਅੰਦਰ ਟ੍ਰੈਫਿਕ ਦੀ ਵਧ ਰਹੀ ਸਮੱਸਿਆ ਨੂੰ ਲੈ ਕੇ ਟ੍ਰੈਫਿਕ ਪੁਲਸ ਸਖ਼ਤ ਹੋ ਗਈ ਹੈ। ਜ਼ਿਲ੍ਹਾ ਪੁਲਸ ਮੁਖੀ ਦੀਪਕ ਪਾਰਿਕ ਦੇ ਹੁਕਮਾਂ ਉਪਰ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਟ੍ਰੈਫਿਕ ਪੁਲਸ ਵੱਲੋਂ ਸਹਾਇਕ ਥਾਣੇਦਾਰ ਬਿੱਕਰ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਤੇਜ਼ ਸਿੰਘ ਦੀ ਅਗਵਾਈ ਹੇਠ ਹੁਣ ਬਿਨਾਂ ਕਿਸੇ ਪਾਰਕਿੰਗ ਦੇ ਖੜ੍ਹੀਆਂ ਗੱਡੀਆਂ ਨੂੰ ਲਾਕ ਕੀਤਾ ਜਾਣ ਲੱਗ ਪਿਆ ਹੈ, ਜਿਸ ਤਹਿਤ ਅੱਜ ਬਿਨਾਂ ਕਿਸੇ ਪਾਰਕਿੰਗ ਤੋਂ ਖੜ੍ਹੇ ਕੀਤੇ ਵਹੀਕਲਾਂ ਦੇ ਟਾਇਰ ਲਾਕ ਕਰ ਕੇ ਉਨ੍ਹਾਂ ਟ੍ਰੈਫਿਕ ਪੁਲਸ ਨੂੰ ਮਿਲਣ ਲਈ ਕਿਹਾ ਗਿਆ।

ਸਹਾਇਕ ਥਾਣੇਦਾਰ ਬਿੱਕਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਉਨ੍ਹਾਂ ਕਿਹਾ ਕਿ ਤੇਜ਼ ਰਫਤਾਰੀ, ਬਿਨਾਂ ਬੈਲਟ, ਹੈਲਮਟ ਅਤੇ ਬਿਨਾਂ ਨੰਬਰ ਪਲੇਟਾਂ ਤੋਂ ਵਾਹਨ ਚਲਾਉਣ ਵਾਲੇ ਖ਼ਿਲਾਫ਼ ਟ੍ਰੈਫਿਕ ਪੁਲਸ ਸਖ਼ਤੀ ਨਾਲ ਪੇਸ਼ ਆਵੇਗੀ ਅਤੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਸਮਝੌਤੇ ਵਾਲੀਆਂ 20 ਸੀਟਾਂ ’ਤੇ ਰੀਵਿਊ ਕਰੇਗੀ ਬਸਪਾ

ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ ਦਾ ਦੌਰਾ ਕਰਨ ਉਪਰੰਤ ਜਿਨ੍ਹਾਂ ਥਾਵਾਂ ’ਤੇ ਟ੍ਰੈਫਿਕ ਸਮੱਸਿਆ ਜ਼ਿਆਦਾ ਰਹਿੰਦੀ ਹੈ, ਨੂੰ ਹੱਲ ਕਰਨ ਲਈ ਵੱਖ-ਵੱਖ ਟ੍ਰੈਫਿਕ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਕਿ ਸ਼ਹਿਰ ਵਾਸੀਆਂ ਨੂੰ ਅਵਾਜਾਈ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਸ਼ਹਿਰ ਅੰਦਰ ਟ੍ਰੈਫਿਕ ਦੀ ਵਿਕਰਾਲ ਹੋ ਰਹੀ ਸਮੱਸਿਆ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਵੱਲੋਂ ਇਸ ਤਰ੍ਹਾਂ ਦੇ ਵਹੀਕਲਾਂ ਨੂੰ ਲਾਕ ਕੀਤਾ ਜਾ ਰਿਹਾ ਹੈ ਤਾਂ ਕਿ ਵਹੀਕਲ ਚਾਲਕ ਆਪਣੇ ਵਹੀਕਲ ਨੂੰ ਸਹੀ ਜਗ੍ਹਾ ’ਤੇ ਪਾਰਕਿੰਗ ਕਰਨ। ਉਨ੍ਹਾਂ ਕਿਹਾ ਕਿ ਵਹੀਕਲ ਚਾਲਕ ਆਪਣਾ ਵਹੀਕਲ ਚਲਾਉਂਦੇ ਸਮੇਂ ਆਪਣੇ ਕਾਗਜ਼ਾਤ ਪੂਰੇ ਰੱਖਣ ਅਤੇ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ। ਇਸ ਮੌਕੇ ਐੱਚ. ਸੀ. ਗੁਰਪ੍ਰੀਤ ਸਿੰਘ ਅਤੇ ਐੱਚ. ਸੀ. ਬਲਦੇਵ ਸਿੰਘ ਛੀਨਾ ਹਾਜ਼ਰ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News