15 ਲੱਖ ਦੇ ਚੂਰਾ-ਪੋਸਤ ਸਣੇ ਤਿੰਨ ਕਾਬੂ
Monday, Oct 08, 2018 - 06:34 AM (IST)
ਲੁਧਿਆਣਾ, (ਅਨਿਲ)- ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੇ 15 ਲੱਖ ਦੇ ਚੂਰਾ-ਪੋਸਤ ਸਣੇ 3 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਸਬੰਧੀ ਅੱਜ ਐੱਸ. ਟੀ. ਐੱਫ. ਦੇ ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੁਝ ਲੋਕ ਮਹਾਨਗਰ ਦੇ ਇਲਾਕਿਆਂ ’ਚ ਚੂਰਾ-ਪੋਸਤ ਸਪਲਾਈ ਕਰਦੇ ਆ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਟੀ. ਐੱਫ. ਦੀ ਪੁਲਸ ਟੀਮ ਨੇ ਫਿਰੋਜ਼ਪੁਰ ਰੋਡ ’ਤੇ ਪਿੰਡ ਝਾਂਡੇ ਦੇ ਟੀ-ਪੁਆਇੰਟ ’ਤੇ ਸਪੈਸ਼ਲ ਨਾਕਾਬੰਦੀ ਕੀਤੀ ਅਤੇ ਮੁੱਲਾਂਪੁਰ ਵਲੋਂ ਆ ਰਹੀ ਸਕਾਰਪੀਓ ਗੱਡੀ ਅਤੇ ਇਕ ਸਵਿਫਟ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਵਾਹਨ ਚਾਲਕਾਂ ਨੇ ਨਾਕਾਬੰਦੀ ਦੇਖ ਵਾਹਨਾਂ ਨੂੰ ਪਿੱਛੇ ਮੋਡ਼ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਸਤੈਦੀ ਵਰਤ ਕੇ ਦੋਵੇਂ ਵਾਹਨਾਂ ਨੂੰ ਕਾਬੂ ਕਰ ਕੇ ਜਦ ਤਲਾਸ਼ੀ ਲਈ ਤਾਂ ਦੋਵੇਂ ਵਾਹਨਾਂ ’ਚੋਂ 10 ਬੋਰੀਆਂ ਚੂਰਾ-ਪੋਸਤ ਬਰਾਮਦ ਹੋਇਆ, ਜਿਸ ਦਾ ਕੁਲ ਵਜ਼ਨ 300 ਕਿਲੋਗਰਾਮ ਹੈ। ਬਾਅਦ ’ਚ ਪੁਲਸ ਨੇ ਵਾਹਨ ਸਵਾਰ ਤਿੰਨੋਂ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪਛਾਣ ਲਖਬੀਰ ਸਿੰਘ (38) ਪੁੱਤਰ ਗੁਰਦੇਵ ਸਿੰਘ, ਸੁਖਵਿੰਦਰ ਸਿੰਘ (32) ਪੁੱਤਰ ਸੋਹਨ ਸਿੰਘ ਵਾਸੀ ਪਿੰਡ ਜੰਡੀ ਸਿੱਧਵਾਂ ਬੇਟ ਅਤੇ ਗੁਰਵਿੰਦਰ ਸਿੰਘ (42) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਲੀਲਾ ਮੇਗ ਵਜੋਂ ਹੋਈ। ਇਨ੍ਹਾਂ ਖਿਲਾਫ ਥਾਣਾ ਸਰਾਭਾ ਨਗਰ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਹਰਬੰਸ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਸਮੱਗਲਰਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਦੇ ਬਾਅਦ ਉਕਤ ਸਮੱਗਲਰਾਂ ਤੋਂ ਰਿਮਾਂਡ ਦੌਰਾਨ ਉਨ੍ਹਾਂ ਦੇ ਹੋਰ ਸਾਥੀਆਂ ਅਤੇ ਗਾਹਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਇਕ ਨਸ਼ਾ ਸਮੱਗਲਰ ਤੋਂ ਬਰਾਮਦ ਹੋਇਆ ਪ੍ਰੈੱਸ ਦਾ ਕਾਰਡ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਨਸ਼ਾ ਸਮੱਗਲਰਾਂ ’ਚੋਂ ਦੋਸ਼ੀ ਲਖਬੀਰ ਸਿੰਘ ਦੇ ਕੋਲੋਂ ਇਕ ਆਨਲਾਈਨ ਵੈੱਬਸਾਈਟ ਦਾ ਪ੍ਰੈੱਸ ਦਾ ਕਾਰਡ ਵੀ ਬਰਾਮਦ ਹੋਇਆ ਹੈ। ਉਕਤ ਦੋਸ਼ੀਅਾਂ ਨੇ ਦੋਵੇਂ ਵਾਹਨਾਂ ਦੇ ਉੱਪਰ ਟੀ. ਵੀ. ਪ੍ਰੈੱਸ ਲਿਖਵਾ ਰੱਖਿਆ ਹੈ, ਜਿਸ ਕਾਰਨ ਰਸਤੇ ਵਿਚ ਕੋਈ ਪੁਲਸ ਟੀਮ ਵਾਹਨਾਂ ਨੂੰ ਰੋਕ ਕੇ ਚੈੱਕ ਨਹੀਂ ਕਰਦੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਤਿੰਨੋਂ ਬਦਮਾਸ਼ਾਂ ’ਚੋਂ ਲਖਬੀਰ ਸਿੰਘ ਸਭ ਤੋਂ ਚਲਾਕ ਹੈ, ਜੋ ਪ੍ਰੈੱਸ ਦਾ ਦੁਰਉਪਯੋਗ ਕਰ ਰਿਹਾ ਸੀ, ਜਦਕਿ ਅੱਜ ਤੱਕ ਉਸ ਨੇ ਕਿਸੇ ਵੀ ਪ੍ਰੈੱਸ ਵਿਚ ਕੋਈ ਕੰਮ ਵੀ ਨਹੀਂ ਕੀਤਾ ਹੈ। ਫਡ਼ੇ ਗਏ ਤਿੰਨੋਂ ਸਮੱਗਲਰ ਇਥੇ ਲੋਕਾਂ ਨੂੰ ਨਸ਼ਾ ਵੇਚਦੇ ਹਨ ਅਤੇ ਖੁਦ ਵੀ ਖਾਣ ਦੇ ਆਦੀ ਹਨ।
ਜੰਮੂ ਵਲੋਂ ਆਈ ਹੈ ਚੂਰਾ-ਪੋੋਸਤ ਦੀ ਖੇਪ
ਜਾਂਚ ਅਧਿਕਾਰੀ ਨੇ ਦੱਸਿਆ ਕਿ ਫਡ਼ੇ ਗਏ ਨਸ਼ਾ ਸਮੱਗਲਰਾਂ ਨੇ ਦੱਸਿਆ ਕਿ ਉਹ ਨਸ਼ੇ ਦੀ ਖੇਪ ਜੰਮੂ ਤੋਂ ਇਕ ਟਰੱਕ ਡਰਾਈਵਰ ਤੋਂ ਇਥੇ ਲਿਆਂਦੀ ਗਈ। ਜਿਸ ਦੇ ਬਾਅਦ ਉਸ ਟਰੱਕ ਡਰਾਈਵਰ ਤੋਂ ਇਹ ਖੇਪ ਸਸਤੇ ਰੇਟ ’ਤੇ ਖਰੀਦ ਕੇ ਅੱਗੇ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ’ਚ ਵੇਚਣ ਜਾ ਰਹੇ ਸਨ। ਇਹ ਤਿੰਨੋਂ ਮੁਨਾਫਾ ਆਪਸ ਵਿਚ ਵੰਡ ਲੈਂਦੇ ਸਨ।
