ਰੇਲਵੇ ਸੁਰੱਖਿਆ ਬਲ ਦੇ ਨੱਕ ਹੇਠੋਂ ਹਜ਼ਾਰਾਂ ਲਿਟਰ ਤੇਲ ਚੋਰੀ

08/26/2019 3:44:39 AM

ਬਠਿੰਡਾ, (ਵਰਮਾ)- ਰੇਲਵੇ ਦੇ ਈਂਧਣ ਚੋਰੀ ਦੇ ਮਾਮਲੇ ਕਈ ਦਹਾਕਿਆਂ ਤੋਂ ਚਲੇ ਆ ਰਹੇ ਹਨ। ਪਹਿਲਾਂ ਭਾਫ ਇੰਜਣਾਂ ਲਈ ਕੋਲਾ ਵਰਤੋਂ ਕੀਤਾ ਜਾਂਦਾ ਸੀ, ਜਿਸ ਦੇ ਚੋਰੀ ਦੇ ਅਣਗਿਣਤ ਮਾਮਲੇ ਸਾਹਮਣੇ ਆਉਂਦੇ ਸੀ। ਜਦੋਂ ਦਾ ਕੋਲਾ ਇੰਜਣ ਬੰਦ ਹੋਇਆ ਅਤੇ ਇਸਦੀ ਜਗ੍ਹਾ ਡੀਜ਼ਲ ਇੰਜਣ ਨੇ ਲਈ ਤਾਂ ਹੁਣ ਡੀਜ਼ਲ ਚੋਰੀ ਹੋਣਾ ਸ਼ੁਰੂ ਹੋ ਚੁੱਕਾ ਹੈ। ਅਜਿਹਾ ਹੀ ਇਕ ਮਾਮਲਾ ਪਿਛਲੇ ਇਕ ਹਫਤੇ ਤੋਂ ਚਲਿਆ ਆ ਰਿਹਾ ਹੈ, ਜਿਥੇ ਰੇਲਵੇ ਦਾ ਹਜ਼ਾਰਾਂ ਲਿਟਰ ਤੇਲ ਚੋਰੀ ਹੋਇਆ ਪਰ ਇਸ ਤੋਂ ਪਹਿਲਾਂ ਵੀ ਹਜ਼ਾਰਾਂ ਲਿਟਰ ਤੇਲ ਚੋਰੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰੇਲਵੇ ’ਚ ਦਿਨ-ਦਿਹਾਡ਼ੇ ਹੋਈ ਤੇਲ ਚੋਰੀ ਦਾ ਮਾਮਲਾ ਅੰਬਾਲਾ ਮੰਡਲ ਤੱਕ ਪਹੁੰਚ ਚੁੱਕਾ ਹੈ ਅਤੇ ਇਸਦੀ ਜਾਂਚ ਵੱਡੇ ਪੈਮਾਨੇ ’ਤੇ ਕੀਤੀ ਜਾ ਰਹੀ ਹੈ ਕਿਉਂਕਿ ਬਿਨਾਂ ਰੇਲਵੇ ਦੀ ਮਿਲੀਭੁਗਤ ਨਾਲ ਤੇਲ ਚੋਰੀ ਕਰਨਾ ਤਾਂ ਦੂਰ, ਸੂਈ ਤੱਕ ਚੋਰੀ ਨਹੀਂ ਕੀਤੀ ਜਾ ਸਕਦੀ। ਆਰ. ਪੀ. ਐੱਫ. ਚੋਰੀ ਮਾਮਲੇ ’ਚ ਟਾਲਮਟੋਲ ਕਰ ਰਹੀ ਹੈ ਤੇ ਖਦਸ਼ਾ ਇਹ ਵੀ ਹੈ ਕਿ ਉਹ ਕੁਝ ਰੇਲਵੇ ਵਰਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਰੇਲ ਇੰਜਣ ’ਚ ਡੀਜ਼ਲ ਭਰਨ ਨੂੰ ਲੈ ਕੇ ਤੇਲ ਕੇਨੀਆਂ ’ਚ ਭਰ ਦਿੱਤਾ ਗਿਆ। ਰੇਲ ਇੰਜਣ ਡਰਾਈਵਰ ਦੀ ਇਨ੍ਹਾਂ ਕੇਨੀਆਂ ’ਤੇ ਨਜ਼ਰ ਪਈ ਤਾਂ ਉਸ ਨੇ ਇਸਦੀ ਸੂਚਨਾ ਲੋਕੋ ਵਿਚ ਤਾਇਨਾਤ ਇੰਸਪੈਕਟਰ ਨੂੰ ਦਿੱਤੀ ਅਤੇ ਇੰਸਪੈਕਟਰ ਨੇ ਇਸਦੀ ਸ਼ਿਕਾਇਤ ਆਰ. ਪੀ. ਐੱਫ. ਨੂੰ ਦਿੱਤੀ, ਜਿਨ੍ਹਾਂ ਮੌਕੇ ਤੋਂ 40-40 ਲਿਟਰ ਦੀਆਂ 2 ਕੇਨੀਆਂ ਨੂੰ ਬਰਾਮਦ ਕੀਤਾ। ਚੋਰੀ ਕਿਸਨੇ ਅਤੇ ਕਿਥੋਂ ਕੀਤੀ ਬਾਰੇ, ਆਰ. ਪੀ. ਐੱਫ. ਸਮੇਤ ਰੇਲਵੇ ਦਾ ਕੋਈ ਵੀ ਅਧਿਕਾਰੀ ਦੱਸਣ ਨੂੰ ਤਿਆਰ ਨਹੀਂ।

ਘਟਨਾ 11 ਅਗਸਤ 2019 ਦੀ ਹੈ, ਰੇਲਵੇ ਦੇ ਪਾਰਸਲ ਹਾਊਸ ਨਜ਼ਦੀਕ ਹੀ ਫਿਊਲ ਭੰਡਾਰ ਬਣਾਇਆ ਗਿਆ ਹੈ, ਜਿੱਥੋਂ ਇੰਜਣਾਂ ’ਚ ਤੇਲ ਭਰਿਆ ਜਾਂਦਾ ਹੈ। ਇੰਜਣ ਤੇਲ ਲੈਣ ਲਈ ਉਥੇ ਖਡ਼੍ਹਾ ਸੀ ਪਰ ਤੇਲ ਇੰਜਣ ਦੀ ਬਜਾਏ ਕੇਨੀਆਂ ’ਚ ਭਰ ਦਿੱਤਾ ਗਿਆ, ਜਿਨ੍ਹਾਂ ’ਚੋਂ ਕੁਝ ਨੂੰ ਤਾਂ ਗਾਇਬ ਕਰ ਦਿੱਤਾ ਗਿਆ ਪਰ 2 ਕੇਨੀਆਂ ਸੁਰੱਖਿਆ ਮੁਲਾਜ਼ਮਾਂ ਦੇ ਹੱਥ ਲੱਗੀਆਂ, ਜਿਨ੍ਹਾਂ ’ਚ 80 ਲਿਟਰ ਤੇਲ ਸੀ। ਅੰਬਾਲਾ ਡਵੀਜ਼ਨ ਤੱਕ ਇਹ ਖਬਰ ਪਹੁੰਚੀ ਤੇ ਉਥੋਂ ਇਕ ਟੀਮ ਨੇ 3 ਦਿਨ ਬਠਿੰਡਾ ’ਚ ਰਹਿ ਕੇ ਇਸ ਮਾਮਲੇ ਦੀ ਜਾਂਚ ਕੀਤੀ ਪਰ ਉਨ੍ਹਾਂ ਹੱਥ ਕੁਝ ਨਹੀਂ ਲੱਗਾ। ਰੇਲਵੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਜਦੋਂ ਖੰਗਾਲਣਾ ਚਾਹਿਆ ਤਾਂ ਉਹ ਬੰਦ ਮਿਲੇ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਵੱਡੇ ਪੈਮਾਨੇ ’ਤੇ ਤੇਲ ਤੇ ਹੋਰ ਸਾਮਾਨ ਦੀ ਚੋਰੀ ਹੁੰਦੀ ਰਹੀ। ਰੇਲਵੇ ਨੂੰ ਇੰਡੀਅਨ ਆਇਲ ਤੇਲ ਸਪਲਾਈ ਕਰਦਾ ਹੈ ਤੇ ਡੀਜ਼ਲ ਨੂੰ ਜਮ੍ਹਾ ਕਰਨ ਲਈ 50 ਹਜ਼ਾਰ ਲਿਟਰ ਦਾ ਇਕ ਟੈਂਕ ਬਣਾਇਆ ਗਿਆ ਹੈ। ਇਸ ਟੈਂਕ ਦੀ ਜ਼ਿੰਮੇਵਾਰੀ ਲੋਕੋ ਇੰਸਪੈਕਟਰ ਦੀ ਹੁੰਦੀ ਹੈ ਪਰ ਉਸ ਦਿਨ ਰੇਲਵੇ ਫੀਟਰ ਵੱਲੋਂ ਤੇਲ ਭਰਨ ਦਾ ਡਰਾਮਾ ਰਚਿਆ ਗਿਆ। ਤੇਲ ਇੰਜਣ ’ਚ ਨਾ ਪਾ ਕੇ ਕੇਨੀਆਂ ’ਚ ਭਰ ਦਿੱਤਾ ਗਿਆ। ਚਰਚਾ ਇਹ ਵੀ ਹੈ ਕਿ ਉਥੇ 5-6 ਲੋਕ ਮੌਜੂਦ ਸਨ ਜੋ ਤੇਲ ਚੋਰੀ ਕਰ ਰਹੇ ਸੀ, ਜਿਨ੍ਹਾਂ ’ਤੇ ਰੇਲਵੇ ਸੁਰੱਖਿਆ ਮੁਲਾਜ਼ਮ ਦੇ ਇਕ ਵਰਕਰ ਨੇ ਨਜ਼ਰ ਰੱਖੀ ਹੋਈ ਸੀ ਪਰ ਰੌਲਾ ਪੈਣ ’ਤੇ ਉਸਦੀ ਝਡ਼ਪ ਵੀ ਹੋਈ ਅਤੇ ਤੇਲ ਚੋਰੀ ਕਰਨ ਵਾਲੇ ਫਰਾਰ ਹੋ ਗਏ। ਜਿੱਥੋਂ ਤੇਲ ਚੋਰੀ ਹੋਇਆ, ਉਥੋਂ ਕੁਝ ਕਦਮ ਦੂਰੀ ’ਤੇ ਆਰ. ਪੀ. ਐੱਫ. ਦੀ ਪੋਸਟ ਬਣੀ ਹੋਈ ਹੈ। ਇਸ ਪੋਸਟ ’ਚ 24 ਘੰਟੇ ਪੁਲਸ ਮੁਲਾਜ਼ਮਾਂ ਦਾ ਪਹਿਰਾ ਰਹਿੰਦਾ ਹੈ। ਜਦੋਂ ਤੇਲ ਚੋਰੀ ਹੋਇਆ ਤਾਂ ਕੀ ਉਸ ’ਤੇ ਕਿਸੇ ਦੀ ਨਜ਼ਰ ਨਹੀਂ ਪਈ?

ਰੇਲਵੇ ਸੁਰੱਖਿਆ ਬਲ ਦੀ ਮਿਲੀਭੁਗਤ ਬਿਨਾਂ ਚੋਰੀ ਸੰਭਵ ਨਹੀਂ

ਉਕਤ ਰੇਲਵੇ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਰੇਲਵੇ ਸੁਰੱਖਿਆ ਬਲ ਦੀ ਮਿਲੀਭੁਗਤ ਨਾਲ ਬਿਨਾਂ ਰੇਲਵੇ ’ਚ ਚੋਰੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਵੇਲ ਹੀ ਖੇਤ ਨੂੰ ਖਾਣ ਲੱਗੇ ਤਾਂ ਲਾਭ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਰੇਲਵੇ ਨਾਲ ਵੀ ਅਜਿਹਾ ਹੀ ਖੇਡ ਖੇਡਿਆ ਜਾ ਰਿਹਾ ਹੈ ਕਿਉਂਕਿ ਰੇਲਵੇ ਸੁਰੱਖਿਆ ਬਲ ਵਰਕਰ 24 ਘੰਟੇ ਰੇਲਵੇ ’ਤੇ ਨਜ਼ਰ ਰੱਖਦੇ ਹਨ ਅਤੇ ਹਜ਼ਾਰਾਂ ਲਿਟਰ ਤੇਲ ਚੋਰੀ ਹੋਣਾ ਮਿਲੀਭੁਗਤ ਵੱਲ ਨੂੰ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਇਸ ’ਚ ਜੋ ਵੀ ਮਿਲੀਭੁਗਤ ਹੋਵੇਗਾ, ਉਸ ਨੂੰ ਕਿਸੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਰੇਲਵੇ ਵਿਚ ਘਾਟੇ ਦਾ ਇਹੀ ਇਕ ਕਾਰਣ ਹੈ ਕਿ ਚੋਰੀ ਨੂੰ ਰੋਕਣ ’ਚ ਸੁਰੱਖਿਆ ਬਲ ਨਾਕਾਮ ਰਹੇ।

ਮਾਮਲਾ ਦੀ ਜਾਂਚ ਹੋ ਚੁੱਕੀ ਹੈ ਸ਼ੁਰੂ : ਆਰ. ਪੀ. ਐੱਫ. ਕਮਾਂਡਰ

ਤੇਲ ਚੋਰੀ ਮਾਮਲੇ ਵਿਚ ਆਰ. ਪੀ. ਐੱਫ. ਦੇ ਕਮਾਂਡਰ ਦਾ ਕਹਿਣਾ ਹੈ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵਿਸਥਾਰ ਨਾਲ ਇਸ ਮਾਮਲੇ ਨੂੰ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਜਾਂਚ ’ਚ ਰੁਕਾਵਟ ਪੈਦਾ ਹੋ ਸਕਦੀ ਹੈ ਪਰ 14 ਦਿਨ ਲੰਘਣ ਤੋਂ ਬਾਅਦ ਵੀ ਰੇਲਵੇ ਹੱਥ ਕੁਝ ਨਹੀਂ ਲੱਗਾ। ਇਸ ਸਬੰਧੀ ਜਦੋਂ ਅੰਬਾਲਾ ਮੰਡਲ ’ਚ ਉਚ ਸੁਰੱਖਿਆ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਇਹ ਜਵਾਬ ਦਿੱਤਾ ਕਿ ਮਾਮਲਾ ਦਰਜ ਹੋ ਚੁੱਕਾ ਹੈ ਤੇ ਜਾਂਚ ਜਾਰੀ ਹੈ।

ਸ਼ਿਕਾਇਤ ਆਉਣ ’ਤੇ ਹੋਵੇਗੀ ਕਾਰਵਾਈ : ਜੀ. ਆਰ. ਪੀ. ਪੁਲਸ

ਜੀ. ਆਰ. ਪੀ. ਪੁਲਸ ਨਾਲ ਇਸ ਸਬੰਧੀ ਗੱਲੀ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ’ਚ ਅਣਜਾਣਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ, ਜੇਕਰ ਸ਼ਿਕਾਇਤ ਆਵੇਗੀ ਤਾਂ ਉਹ ਉਸ ’ਤੇ ਕਾਰਵਾਈ ਕਰਨਗੇ। ਜੀ. ਆਰ. ਪੀ. ਦੇ ਥਾਣਾ ਪ੍ਰਮੁੱਖ ਖੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਰੇਲਵੇ ਦੇ ਸਾਮਾਨ ਦੀ ਸੁਰੱਖਿਆ ਕਰਨਾ ਆਰ. ਪੀ. ਐੱਫ. ਦਾ ਕੰਮ ਹੈ। ਇਸਦੇ ਬਾਵਜੂਦ ਜੇਕਰ ਕੋਈ ਉਨ੍ਹਾਂ ਨੂੰ ਜਾਣਕਾਰੀ ਦਿੰਦਾ ਹੈ ਤਾਂ ਉਹ ਵੀ ਕਾਰਵਾਈ ਕਰਨ ਲਈ ਤਿਆਰ ਹਨ।


Bharat Thapa

Content Editor

Related News