ਚੋਰਾਂ ਨੇ ਕੈਮਿਸਟ ਸ਼ਾਪ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਲੈ ਕੇ ਹੋਏ ਫਰਾਰ
Thursday, May 06, 2021 - 12:46 PM (IST)
ਫ਼ਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ’ਚ ਅਮਰ ਹਸਪਤਾਲ ਦੇ ਸਾਹਮਣੇ ਸਥਿਤ ਮੈਡੀਕਲ ਸ਼ਾਪ ਦਾ ਸ਼ਟਰ ਤੋੜ ਕੇ ਚੋਰ 9 ਲੱਖ 75 ਹਜ਼ਾਰ ਦੀ ਨਕਦੀ ਤੇ ਦੁਕਾਨ ’ਚ ਲੱਗਾ ਸੀ. ਸੀ. ਟੀ. ਵੀ. ਵਾਲਾ ਡੀ. ਵੀ. ਆਰ. ਵੀ ਲੈ ਕੇ ਫਰਾਰ ਹੋ ਗਏ। ਇਹ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮਾਲਕ ਸ਼ਿਕਾਇਤਕਰਤਾ ਰਾਜੇਸ਼ ਕੱਕੜ ਪੁੱਤਰ ਸ਼੍ਰੀ ਸ਼ਾਮ ਲਾਲ ਕੱਕੜ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਰੇਲਵੇ ਪੁਲ ਕੋਲ ਅਮਰ ਹਸਪਤਾਲ ਦੇ ਸਾਹਮਣੇ ਉਸ ਦੀ ਰਾਜੇਸ਼ ਮੈਡੀਕਲ ਏਜੰਸੀ ਦੇ ਨਾਂ ’ਤੇ ਮੈਡੀਕਲ ਸ਼ਾਪ ਹੈ ਅਤੇ ਬੀਤੀ ਮੱਧ ਰਾਤ ਨੂੰ ਅਣਪਛਾਤੇ ਚੋਰ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਦੇ ਕੈਸ਼ ਕਾਊਂਟਰ ’ਚ ਪਏ 9 ਲੱਖ 75 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ ਹਨ।
ਪੁਲਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਚੋਰੀ ਦੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਤੇ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਕੁਲਵਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ। ਫਿੰਗਰਪ੍ਰਿੰਟ ਐਕਸਪਰਟ ਦੀ ਮਦਦ ਲਈ ਜਾ ਰਹੀ ਹੈ ਤੇ ਚੋਰ ਫੜਨ ਲਈ ਵਿਸ਼ੇਸ਼ ਟੀਮਾਂ ਵੱਲੋਂ ਕਾਰਵਾਈ ਜਾਰੀ ਹੈ।