ਚਾਕੂ ਦਿਖਾ ਕੇ ਰਿਕਸ਼ਾ ਚਾਲਕ ਤੋਂ ਨਕਦੀ ਲੁੱਟ ਕੇ 2 ਨੌਜਵਾਨ ਫ਼ਰਾਰ
Monday, Feb 03, 2025 - 04:24 PM (IST)
ਚੰਡੀਗੜ੍ਹ (ਸੁਸ਼ੀਲ) : ਰਿਕਸ਼ਾ ਚਾਲਕ ਨੂੰ ਚਾਕੂ ਦਿਖਾ ਕੇ ਮੌਲੀਜਾਗਰਾਂ ’ਚ ਦਰਗਾਹ ਕੋਲ ਨਕਦੀ ਤੇ ਪਰਸ ਲੁੱਟ ਕੇ 2 ਨੌਜਵਾਨ ਫ਼ਰਾਰ ਹੋ ਗਏ। ਰਿਕਸ਼ਾ ਚਾਲਕ ਮਨੀਸ਼ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਮੌਲੀਜਾਗਰਾਂ ਪੁਲਸ ਨੇ ਜਾਂਚ ਤੋਂ ਬਾਅਦ ਮਨੀਸ਼ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਲੁਟੇਰਿਆਂ ਦੀ ਪਛਾਣ ਲਈ ਫੁਟੇਜ ਚੈੱਕ ਕਰ ਰਹੀ ਹੈ। ਮੌਲੀਜਾਗਰਾਂ ਵਾਸੀ ਈ-ਰਿਕਸ਼ਾ ਚਾਲਕ ਮਨੀਸ਼ ਈ-ਰਿਕਸ਼ਾ ’ਤੇ ਜਾ ਰਿਹਾ ਸੀ।
ਜਦੋਂ ਉਹ ਹਿਮਾਚਲੀ ਢਾਬੇ ਕੋਲ ਪਹੁੰਚਿਆ ਤਾਂ 2 ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਹਾਊਸਿੰਗ ਬੋਰਡ ਤੱਕ ਛੱਡਣ ਬਾਰੇ ਕਿਹਾ। ਚਾਲਕ ਨੇ ਦੋਹਾਂ ਨੂੰ ਸਵਾਰੀ ਦੇ ਰੂਪ ’ਚ ਬਿਠਾ ਲਿਆ। ਕੁੱਝ ਦੂਰੀ ਤੈਅ ਕਰਨ ਤੋਂ ਬਾਅਦ ਜਦੋਂ ਈ-ਰਿਕਸ਼ਾ ਢਾਬੇ ਨੇੜੇ ਪਹੁੰਚਿਆ ਤਾਂ ਨੌਜਵਾਨਾਂ ਨੇ ਚਾਲਕ ਨੂੰ ਈ-ਰਿਕਸ਼ਾ ਰੋਕਣ ਲਈ ਕਿਹਾ। ਜਿਵੇਂ ਹੀ ਚਾਲਕ ਨੇ ਰਿਕਸ਼ਾ ਸਾਈਡ ’ਚ ਲਾਇਆ ਤਾਂ ਨੌਜਵਾਨ ਨੇ ਉਸ ਦੀ ਧੌਣ ’ਤੇ ਚਾਕੂ ਰੱਖ ਕੇ ਧਮਕਾਉਂਦਿਆਂ ਨਕਦੀ, ਈ-ਰਿਕਸ਼ਾ ਤੋਂ ਆਰ. ਸੀ., ਆਧਾਰ ਕਾਰਡ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਕੱਢ ਲਏ। ਲੁੱਟ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਮੌਲੀਜਾਗਰਾਂ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।