ਵਪਾਰੀ ਦੀ ਪਤਨੀ ’ਤੇ ਕਾਤਲਾਨਾ ਹਮਲਾ ਕਰਕੇ ਅਣਪਛਾਤੇ ਵਿਅਕਤੀ ਨੇ ਕੀਤੀ ਲੁੱਟ

Tuesday, Jan 01, 2019 - 03:14 AM (IST)

ਵਪਾਰੀ ਦੀ ਪਤਨੀ ’ਤੇ ਕਾਤਲਾਨਾ ਹਮਲਾ ਕਰਕੇ ਅਣਪਛਾਤੇ ਵਿਅਕਤੀ ਨੇ ਕੀਤੀ ਲੁੱਟ

 ਬੁਢਲਾਡਾ, (ਮਨਜੀਤ)- ਸਥਾਨਕ ਸ਼ਹਿਰ ਦੇ ਇਕ ਸੰਘਣੀ ਅਬਾਦੀ ਵਾਲੇ ਏਰੀਏ ਦੇ ਇਕ ਪੈਟਰੋਲ ਪੰਪ ਮਾਲਕ ਦੇ ਘਰ ਪਿਛਲੀ ਸ਼ਾਮ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਪਤਨੀ ਦੀ ਕੁੱਟਮਾਰ ਕਰਕੇ ਲੁੱਟ ਕਾਰਨ ਸ਼ਹਿਰ ’ਚ ਸਹਿਮ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਪੰਪ ਵਾਲੇ ਦੀ ਪਤਨੀ ਸੁਨੀਤਾ ਰਾਣੀ  ਐਤਵਾਰ ਦੀ ਸ਼ਾਮ ਕਰੀਬ 6 ਵਜੇ ਆਪਣੀ ਰਸੋਈ ’ਚ ਕੰਮ ਕਰ ਰਹੀ ਸੀ ਤਾਂ ਉਨ੍ਹਾਂ ਦੇ ਘਰ ਮੂੰਹ ਢਕੇ ਹੋਏ ਇਕ ਵਿਅਕਤੀ ਨੇ ਦਾਖਲ ਹੋ ਕੇ ਉਸ ਦੀ ਪਤਨੀ  ਦੇ ਮੂੰਹ ਅਤੇ ਅੱਖਾਂ ’ਤੇ ਕੁੱਟਮਾਰ ਸ਼ੁਰੂ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਤੇ ਘਰ ਅੰਦਰ ਪਏ ਗਹਿਣੇ ਅਤੇ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਿਆ। ਇਸ ਸਬੰਧੀ ਪੀਡ਼ਤ ਦੇ ਪਤੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਜਦ ਉਹ ਕੁਦਰਤੀ ਘਰ ਪਹੁੰਚਿਆ ਤਾਂ ਉਸ ਨੇ ਆਪਣੀ ਬੰਦ ਕਮਰੇ ’ਚ ਲਹੂ ਲੁਹਾਣ ਚੀਕਾਂ ਮਾਰ ਰਹੀ ਪਤਨੀ ਨੂੰ ਦੇਖਿਆ ਤਾਂ ਉਹ ਸਹਿਮ ਗਿਆ ਅਤੇ ਉਸ ਦੇ ਰੌਲਾ ਪਾਉਣ ’ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਜਿਨ੍ਹਾਂ ਨੇ ਤੁਰੰਤ  ਇਸ  ਮਾਮਲੇ  ਨੂੰ ਸਿਟੀ ਪੁਲਸ ਦੇ ਧਿਆਨ ’ਚ ਲਿਆਂਦਾ ਅਤੇ ਉਸ ਦੀ ਪਤਨੀ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ। ਉਸ ਦੀ ਪਤਨੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਡੀ.ਐੱਮ.ਸੀ. ਲੁਧਿਆਣੇ ਰੈਫਰ ਕਰ ਦਿੱਤਾ। ਇਸ ਵਾਰਦਾਤ ਦਾ ਪਤਾ ਲੱਗਣ ’ਤੇ ਪੀਡ਼ਤ ਦੇ ਘਰ ਪਹੁੰਚੇ ਹਲਕਾ ਵਿਧਾਇਕ ਸ਼੍ਰੀ ਬੁੱਧ ਰਾਮ ਬੁਢਲਾਡਾ, ਅਕਾਲੀ ਆਗੂ ਸ਼ਾਮ ਲਾਲ ਧਲੇਵਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਦਿਨ-ਦਿਹਾਡ਼ੇ ਲੁੱਟ ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਕੋਈ ਵੀ ਨਾਗਰਿਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਇਸ ਲਈ ਦੋਸ਼ੀਆਂ ਨੂੰ ਤੁਰੰਤ ਫਡ਼ ਕੇੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ। ਦੂਸਰੀ ਤਰਫ ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਇਸ ਵਾਰਦਾਤ  ਕਰਕੇ ਦੋਸ਼ੀਆਂ ਦੇ ਫਿੰਗਰਪ੍ਰਿੰਟ ਲੈਣ ਸਬੰਧੀ ਟੀਮ ਪੀਡ਼ਤ ਦੇ ਘਰ ਪਹੁੰਚ ਚੁੱਕੀ ਹੈ ਅਤੇ ਘਰ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁੱਟੇਜ ਲਈ ਗਈ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਫਡ਼ਨ ਲਈ ਟੀਮਾਂ ਬਣਾਈਆਂ ਗਈਆਂ ਹਨ। ਸ਼ਹਿਰ ਵਾਸੀ ਪੁਲਸ ਦਾ ਸਹਿਯੋਗ ਕਰਨ। 


Related News