ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੇਖੌਫ ਜਾਰੀ

Monday, Jan 21, 2019 - 07:26 AM (IST)

ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੇਖੌਫ ਜਾਰੀ

ਮਾਨਸਾ, (ਸੰਦੀਪ ਮਿੱਤਲ)- ਜ਼ਿਲੇ ’ਚ  ਜ਼ਿਲਾ ਪ੍ਰਸ਼ਾਸਨ ਦੀਆਂ ਲੱਖ ਘੁਰਕੀਆਂ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਧਡ਼ੱਲੇ ਨਾਲ ਜਾਰੀ ਹੈ। ਮਾਨਸਾ ਸ਼ਹਿਰ ਅੰਦਰ ਪਾਬੰਦੀਸ਼ੁਦਾ ਇਹ ਲਿਫਾਫੇ ਹਰ 10 ’ਚੋਂ 8 ਬੰਦਿਆਂ ਦੇ ਹੱਥਾਂ ਦਾ ਸ਼ਿੰਗਾਰ ਹੁੰਦੇ ਹਨ। ਇਸ ਮਾਮਲੇ ’ਚ ਅੌਰਤਾਂ ਵੀ ਕਿਸੇ ਤੋਂ ਘੱਟ ਨਹੀਂ। ਉਨ੍ਹਾਂ ਦੇ ਹਰ ਹੱਥ ’ਚ ਅਜਿਹੇ ਲਿਫਾਫੇ ਦੇਖੇ ਜਾ ਸਕਦੇ ਹਨ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਲੋਕ ਆਪਣੇ ਹੱਥ ’ਚ ਥੈਲਾ ਰੱਖਣਾ ਆਪਣੀ ਸ਼ਾਨ  ਦੇ ਖਿਲਾਫ ਸਮਝਣ ਲੱਗੇ ਹਨ।  ਇਨ੍ਹਾਂ ਪਾਬੰਦੀਸ਼ੁਦਾ ਲਿਫਾਫਿਆਂ ਦੀ ਵਰਤੋਂ ਦੁਕਾਨਦਾਰ ਅਤੇ ਰੇਹਡ਼ੀਆਂ ਵਾਲੇ ਧਡ਼ੱਲੇ ਨਾਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਕਿਸਮ ਦੇ ਆਲੂ ਦੇ ਸਟਾਚਰ ਤੋਂ ਬਣੇ ਲਿਫਾਫੇ ਉਨ੍ਹਾਂ ਨੂੰ ਕਾਫੀ ਮਹਿੰਗੇ ਪੈਂਦੇ ਹਨ ਅਤੇ ਲੋਕ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਜ਼ਿਆਦਾ ਮੰਗ ਕਰਦੇ ਹਨ।  ਇਹ ਲਿਫਾਫੇ ਚਾਰ-ਚੁਫੇਰੇ ਗੰਦਗੀ ਦੇ ਢੇਰਾਂ ਅਤੇ ਸੀਵਰੇਜ ਨਾਲੀਆਂ ਦਾ ਸ਼ਿੰਗਾਰ ਬਣ ਰਹੇ ਹਨ। 
ਜ਼ਿਲਾ ਪ੍ਰਸ਼ਾਸਨ ਨਹੀਂ ਕਰ ਰਿਹਾ ਲੋਕਾਂ ਨੂੰ ਜਾਗਰੂਕ :  ਪੰਜਾਬ ਸਰਕਾਰ ਦੇ  ਹੁਕਮਾਂ  ਅਨੁਸਾਰ ਜ਼ਿਲਾ ਪ੍ਰਸ਼ਾਸਨ ਵਲੋਂ 30 ਮਾਈਕ੍ਰੋਨ ਤੋਂ ਘੱਟ ਅਤੇ ਰੰਗਦਾਰ ਲਿਫਾਫਿਆਂ ’ਤੇ ਮੁਕੰਮਲ ਪਾਬੰਦੀ ਲਾਉਣ ਤੋਂ ਬਾਅਦ ਗਲਣਸ਼ੀਲ ਪਦਾਰਥਾਂ ਦੇ ਲਿਫਾਫੇ ਮਾਰਕੀਟ ’ਚ ਲਿਆਂਦੇ ਗਏ ਹਨ ਪਰ ਇਹ ਲਿਫਾਫੇ ਕਿਤੇ ਵੀ ਦਿਖਾਈ ਨਹੀਂ ਦੇ ਰਹੇ, ਜਿਸ ਸਬੰਧੀ ਜ਼ਿਲਾ ਪ੍ਰਸ਼ਾਸਨ ਬੇਖਬਰ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਗਮ, ਸੈਮੀਨਾਰ, ਰੈਲੀਆਂ ਨਹੀਂ ਕੱਢੀਅਾਂ ਜਾ ਰਹੀਆਂ ਹਨ ਅਤੇ ਨਾ ਹੀ ਪੰਫਲਟ  ਵੰਡੇ ਜਾ ਰਹੇ ਹਨ,  ਜਿਸ  ਕਾਰਨ  ਇਹ ਨਵੇਂ ਗਲਣਸ਼ੀਲ ਲਿਫਾਫੇ ਸਿਰਫ ਅਖਬਾਰੀ ਖਬਰਾਂ ’ਚ ਹੀ ਦਿਖਾਈ ਦੇ  ਰਹੇ ਹਨ। 
ਲਿਫਾਫਿਅਾਂ ਕਾਰਨ ਸੀਵਰੇਜ ਸਿਸਟਮ ਹੋ ਰਿਹਾ ਜਾਮ
 ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੀਆਂ ਪਾਬੰਦੀਆਂ ਤਾਂ ਥੋਡ਼੍ਹੇ ਸਮੇਂ ਲਈ ਹੁੰਦੀਆਂ ਹਨ। ਜੇਕਰ ਸਰਕਾਰ ਸੱਚਮੁੱਚ ਹੀ ਇਸ ਪਾਬੰਦੀ ਪ੍ਰਤੀ ਗੰਭੀਰ ਹੈ ਤਾਂ ਉਹ ਅਜਿਹੇ ਲਿਫਾਫੇ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਸਖ਼ਤੀ ਕਿਉਂ ਨਹੀਂ ਕਰ ਰਹੀ, ਜਿਨ੍ਹਾਂ ਫੈਕਟਰੀਆਂ ’ਚ ਇਨ੍ਹਾਂ ਲਿਫਾਫਿਆਂ ਰਾਹੀਂ ਚੀਜ਼ਾਂ ਦੀ ਪੈਕਿੰਗ ਹੋ ਰਹੀ ਹੈ।  ਅਜਿਹੇ ਲਿਫਾਫੇ ਬੱਚੇ, ਜ਼ਿਆਦਾਤਰ ਅੌਰਤਾਂ ਚਿਪਸ ਤੇ ਕੁਰਕਰੇ ਖਾ ਕੇ ਨਾਲੀਆਂ ਵਿਚ ਸੁੱਟ ਦਿੰਦੇ ਹਨ, ਜਿਸ ਨਾਲ ਸੀਵਰੇਜ ਵਿਵਸਥਾ ਠੱਪ ਹੋ ਕੇ ਰਹਿ ਜਾਂਦੀ ਹੈ। 
 ਪਲਾਸਟਿਕ ਦੇ ਲਿਫਾਫੇ ਸਿਹਤ ਲਈ ਹਾਨੀਕਾਰਕ  : ਡਾ. ਰੇਖੀ
 ਸ਼ਹਿਰ ਦੇ ਪ੍ਰਸਿੱਧ ਚਮਡ਼ੀ ਰੋਗਾਂ ਦੇ ਮਾਹਿਰ ਡਾ. ਪੁਨੀਤ ਰੇਖੀ ਦਾ ਕਹਿਣਾ ਹੈ ਕਿ ਪਲਾਸਟਿਕ ਦੇ ਲਿਫਾਫੇ ਸਾਡੇ ਲਈ ਹਾਨੀਕਾਰਕ ਹਨ। ਇਹ ਲਿਫਾਫੇ ਮਿੱਟੀ ’ਚ ਜਿਉਂ ਦੀ ਤਿਉਂ ਪਏ ਰਹਿੰਦੇ ਹਨ ਅਤੇ ਇਨ੍ਹਾਂ ਦੇ ਰਸਾਇਣ ਧਰਤੀ ’ਚ ਰਚ ਜਾਂਦੇ ਹਨ ਜੋ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ। ਇਹ ਪਾਣੀ ਸਾਡੀਆਂ ਫਸਲਾਂ ਦੀ ਸਿੰਚਾਈ ਅਤੇ ਮਨੁੱਖਾਂ, ਪਸ਼ੂ ਪੰਛੀਆਂ ਦੇ ਪੀਣ ਲਈ ਵਰਤਿਆ ਜਾਂਦਾ ਹੈ ਜੋ ਸਾਰਿਅਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਗਲਤੀ ਨਾਲ ਕੋਈ ਪਸ਼ੂ ਇਨ੍ਹਾਂ ਨੂੰ ਨਿਗਲ ਲਏ ਤਾਂ ਉਸ ਦੀ ਜਾਨ ਤੱਕ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ  ਵਾਸਤੇ ਸਾਨੂੰ ਪਲਾਸਟਿਕ ਦੇ ਲਿਫਾਫਿਆਂ ਨੂੰ ਤਿਆਗ ਕੇ ਦੂਸਰੇ ਕਿਸਮ ਦੇ ਗਲਣਸ਼ੀਲ ਲਿਫਾਫਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। 
ਕੀ ਕਹਿਣੈ ਐੱਸ. ਡੀ. ਐੱਮ. ਦਾ
 ਇਸ ਸਬੰਧੀ ਐੱਸ. ਡੀ. ਐੱਮ. ਅਭਿਜੀਤ ਕਪਲਿਸ਼ ਦਾ ਕਹਿਣਾ ਹੈ ਕਿ ਮੱਕੀ ਤੇ ਆਲੂ ਦੇ ਸਟਾਰਚ ਤੋਂ ਬਣੇ ਲਿਫਾਫ਼ੇ ਗਲਣਸ਼ੀਲ ਹਨ, ਜੋ ਕਿ ਪਲਾਸਟਿਕ ਦੇ ਲਿਫਾਫਿਆਂ ਤੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਇਕ ਵਧੀਆ ਬਦਲ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ, ਰੇਹਡ਼ੀਆਂ ਅਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਦਿੱਤੇ  ਹੁਕਮਾਂ  ਦੀ ਕੋਈ ਉਲੰਘਣਾ ਕਰੇਗਾ ਤਾਂ ਸਖਤੀ ਨਾਲ ਨਜਿੱਠਿਆ ਜਾਵੇਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਮੱਕੀ ਤੇ ਆਲੂ ਦੇ ਸਟਾਰਚ ਤੋਂ ਬਣੇ  ਇਹ ਲਿਫਾਫ਼ੇ 6 ਮਹੀਨਿਆਂ ਦੇ ਅੰਦਰ-ਅੰਦਰ ਗਲ ਜਾਂਦੇ ਹਨ ਅਤੇ ਇਨ੍ਹਾਂ ਲਿਫਾਫਿਆਂ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਿਫਾਫਿਆਂ ਦੀ ਬਾਜ਼ਾਰ ’ਚ ਸਪਲਾਈ ਪੂਰੀ ਕਰਨ ਉਪਰੰਤ ਪਲਾਸਟਿਕ ਦੇ ਲਿਫਾਫਿਆਂ ’ਤੇ ਪੂਰਨ ਰੂਪ ’ਚ ਪਾਬੰਦੀ ਹੋਵੇਗੀ। ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਹੋਵੇਗੀ। 


Related News