ਮਠਿਅਾਈ ਡੱਬੇ ਸਮੇਤ ਤੋਲ ਕੇ ਦੁਕਾਨਦਾਰ ਲੋਕਾਂ ਦੀ ਸ਼ਰੇਆਮ ਕਰ ਰਹੇ ਲੁੱਟ
Thursday, Oct 25, 2018 - 05:17 AM (IST)

ਮਾਨਸਾ, (ਜੱਸਲ)- ਤਿਉਹਾਰਾਂ ਦੇ ਸੀਜ਼ਨ ’ਚ ਨਾਪ-ਤੋਲ ਵਿਭਾਗ ਦੀ ਅਣਦੇਖੀ ਸਦਕਾ ਮਠਿਅਾਈ ਵਿਕਰੇਤਾ ਗੱਤੇ ਦੇ ਡੱਬਿਆਂ ਨੂੰ ਮਠਿਅਾਈ ਨਾਲ ਤੋਲ ਕੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ ਪਰ ਸਬੰਧਿਤ ਵਿਭਾਗ ਨੇ ਇਸ ਮਾਮਲੇ ’ਚ ਲਗਾਤਾਰ ਚੁੱਪ ਵੱਟੀ ਹੋਈ ਹੈ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮਠਿਅਾਈ ਲੈਣ ਵੇਲੇ ਗਾਹਕ ਦੀ ਨਹੀਂ, ਬਲਕਿ ਦੁਕਾਨਦਾਰ ਦੀ ਮਰਜ਼ੀ ਚਲਦੀ ਹੈ।
ਇਹ ਵੀ ਪਤਾ ਲੱਗਾ ਹੈ ਕਿ ਮਠਿਅਾਈ ਵੇਚਣ ਵਾਲੇ ਤਿਉਹਾਰਾਂ ਦੇ ਸੀਜ਼ਨ ’ਚ ਦੋਹਰੀ ਲੁੱਟ ਕਰ ਰਹੇ ਹਨ। ਅਜਿਹੀ ਸਥਿਤੀ ’ਚ ਨਾਪ-ਤੋਲ ਵਿਭਾਗ ਵਲੋਂ ਮਠਿਅਾਈ ਦੇ ਨਾਲ ਦੁਕਾਨਦਾਰਾਂ ਵਲੋਂ ਤੋਲੇ ਜਾ ਰਹੇ ਡੱਬਿਆਂ ਪ੍ਰਤੀ ਕੋਈ ਕਾਰਵਾਈ ਨਾ ਕਰਨ ਤੇ ਇਕ ਕਿੱਲੋ ਮਠਿਅਾਈ ਲੈਣ ਦੇ ਪਿੱਛੇ ਖਪਤਕਾਰ ਨੂੰ ਲਗਭਗ 30 ਰੁਪਏ ਤੋਂ 40 ਰੁਪਏ ਤੱਕ ਦਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਤਿਉਹਾਰੀ ਸੀਜ਼ਨ ਦੇ ਕਾਰਨ ਹਰ ਦੁਕਾਨ ’ਤੇ ਮਠਿਅਾਈਆਂ ਦੀ ਵਿੱਕਰੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ, ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੁਕਾਨਦਾਰ ਖਪਤਕਾਰਾਂ ਦੀ ਕਿੰਨੀ ਕੁ ਲੁੱਟ ਕੀਤੀ ਜਾ ਰਹੀ ਹੈ।
ਇਸ ਬਾਰੇ ਜਦੋਂ ਨਾਪ-ਤੋਲ ਵਿਭਾਗ ਦੇ ਇੰਸਪੈਕਟਰ ਸੁਨੀਲ ਧਵਨ ਨਾਲ ਸੰਪਰਕ ਕਰਨ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਉਹ ਜਲਦੀ ਹੀ ਨਿਰੀਖਣ ਕਰਕੇ ਮਠਿਅਾਈ ਦੇ ਨਾਲ ਡੱਬੇ ਤੋਲਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕਰਨਗੇ। ਜ਼ਿਲਾ ਪ੍ਰਸ਼ਾਸਨ ਮਾਨਸਾ ਨੇ ਮਠਿਅਾਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਮਠਿਅਾਈਆਂ ਡੱਬੇ ਸਮੇਤ ਵੇਚਣ ਤੇ ਤੋਲਣ ’ਤੇ ਪੂਰਨ ਰੂਪ ’ਚ ਪਾਬੰਦੀ ਲਾਈ ਹੈ।
ਇਹ ਪਾਬੰਦੀ 10 ਨਵੰਬਰ ਤੱਕ ਲਾਈ ਗਈ ਹੈ। ਜ਼ਿਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਦੁਕਾਨਦਾਰ ਖਪਤਕਾਰਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ।