ਗਰੀਬ ਕਿਸਾਨ ਨੂੰ ਸਿਰਫ 2 ਮਹੀਨਿਆਂ ਦਾ 1 ਲੱਖ 71 ਹਜ਼ਾਰ 890 ਰੁਪਏ ਆਇਆ ਘਰੇਲੂ ਬਿਜਲੀ ਦਾ ਬਿੱਲ

11/15/2018 4:04:12 AM

ਮਾਨਸਾ, (ਜੱਸਲ)- ਇਸ ਨੂੰ ਪਾਵਰਕਾਮ ਦੀ ਅਣਗਹਿਲੀ ਕਹੋ ਜਾਂ ਕ੍ਰਿਸ਼ਮਾ! ਮਾਨਸਾ ਜ਼ਿਲੇ ਦੇ ਪਿੰਡ ਫਫਡ਼ੇ ਭÎਾਈਕੇ ਦੇ ਇਕ ਅਤਿਅੰਤ ਗਰੀਬ ਕਿਸਾਨ ਨੂੰ ਸਿਰਫ 2 ਮਹੀਨਿਆਂ ਦਾ 1 ਲੱਖ ਰੁਪਏ ਤੋਂ ਜ਼ਿਆਦਾ ਘਰੇਲੂ ਬਿਜਲੀ ਦਾ ਬਿੱਲ ਆਇਆ ਹੈ। ਉਹ ਇੰਨਾ ਵੱਡਾ ਬਿਜਲੀ ਦਾ ਬਿਲ ਭਰਨ ਤੋਂ ਅਸਮਰੱਥ  ਹੋਣ ਕਰਕੇ ਮਾਨਸਿਕ ਤਨਾਅ ’ਚ ਹੈ। ਜਮਹੂਰੀ ਕਿਸਾਨ ਸਭਾ ਦੇ ਜ਼ਿਲਾ ਪ੍ਰੈੱਸ ਸਕੱਤਰ ਇਕਬਾਲ ਫਫਡ਼ੇ ਨੇ ਦੱਸਿਆ ਕਿ ਪਿੰਡ ਫਫਡ਼ੇ ਭਾਈਕੇ ਦੇ ਗਰੀਬ ਕਿਸਾਨ ਗੁਰਪਾਲ ਸਿੰਘ ਸਪੁੱਤਰ ਪਿਆਰਾ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੈਰਾਨਗੀ ਦੀ ਉਸ ਵੇਲੇ ਕੋਈ ਹੱਦ ਨਹੀਂ ਰਹੀ ਜਦੋਂ ਬਿਜਲੀ ਮਹਿਕਮੇ ਵਲੋਂ ਉਨ੍ਹਾਂ ਨੂੰ  2 ਮਹੀਨਿਆਂ ਦਾ ਘਰੇਲੂ ਬਿਜਲੀ ਸਪਲਾਈ ਦਾ ਬਿੱਲ 1 ਲੱਖ 71 ਹਜ਼ਾਰ 890 ਰੁਪਏ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੀਡ਼ਤ ਗਰੀਬ ਕਿਸਾਨ ਠੇਕੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਕੇ ਆਪਣੇ ਘਰ ਦਾ ਬਡ਼ੀ ਮੁਸ਼ਕਲ ਨਾਲ ਗੁਜ਼ਾਰਾ ਚਲਾਉਂਦਾ ਹੈ । ਉਸ ਦੇ ਘਰ ’ਚ ਜ਼ਿਆਦਾ ਬਿਜਲੀ ਖਪਤ ਕਰਨ ਵਾਲਾ ਕੋਈ ਵੱਡਾ ਉਪਕਰਨ  ਨਹੀਂ ਹੈ ਅਤੇ ਨਾ ਹੀ ਕੋਈ ਉਨ੍ਹਾਂ ਵੱਲ ਪਿੱਛਲਾ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਕਿ ਉਸ ਨੂੰ  ਆਏ ਬਿਜਲੀ ਬਿੱਲ ਨੂੰ ਗਲਤ ਦੱਸ ਕੇ ਬਿਜਲੀ ਮਹਿਕਮੇ ਨੇ ਬਿਜਲੀ ਦਾ ਬਿੱਲ ਦਰੁਸਤ ਕਰਨ ਦੀ ਗੱਲ ਆਖੀ ਸੀ ਪਰ ਹੁਣ ਸਹਾਇਕ ਕਾਰਜਕਾਰੀ ਇੰਜੀਨੀਅਰ ਦਫਤਰ ਵਲੋਂ ਪੱਤਰ ਨੂੰ. 2612  ਰਾਹੀਂ 3 ਦਿਨਾਂ ਅੰਦਰ 1 ਲੱਖ 71 ਹਜ਼ਾਰ 890 ਰੁਪਏ ਨਾ ਭਰਨ ਦੀ ਸੂਰਤ ’ਚ ਘਰ ਦਾ ਬਿਜਲੀ ਕੁਨੈਕਸ਼ਨ ਕੱਟਣ ਦਾ ਨੋਟਿਸ ਦਿੱਤਾ ਗਿਆ ਹੈ ਜੋ ਬਿਜਲੀ ਮਹਿਕਮੇ ਦੀ ਧੱਕੇਸ਼ਾਹੀ ਹੈ। ਸ਼੍ਰੀ ਫਫਡ਼ੇ ਨੇ ਚਿਤਾਵਨੀ ਦਿੱਤੀ ਕਿ ਪੀਡ਼ਤ ਕਿਸਾਨ ਦਾ ਗਲਤੀ ਨਾਲ ਆਇਆ ਬਿੱਲ ਤੁਰੰਤ ਮੁਆਫ ਕੀਤਾ ਜਾਵੇ ਨਹੀਂ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਵਾਂਗੇ।    


Related News