ਰੋਸ ਮਾਰਚ ਦੌਰਾਨ ਪੁਲਸ ਤੇ ਅਧਿਆਪਕਾਂ ’ਚ ਮੁੜ ਧੱਕਾ-ਮੁੱਕੀ

02/13/2019 1:32:58 AM

ਪਟਿਆਲਾ, (ਜੋਸਨ, ਬਲਜਿੰਦਰ)- ਹਜ਼ਾਰਾਂ ਅਧਿਆਪਕਾਂ ਤੇ ਪੁਲਸ ਪ੍ਰਸ਼ਾਸਨ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਮੁੜ ਮੁੱਖ ਮੰਤਰੀ ਦੇ ਮੋਤੀ ਮਹਿਲ ਤੱਕ ਰੋਸ ਮਾਰਚ ਕਰਦੇ ਅਧਿਆਪਕ ਪੁਲਸ ਨਾਲ ਭਿੜ ਪਏ। ਦੋਵਾਂ ਧਿਰਾਂ ਵਿਚਕਾਰ ਜ਼ੋਰਦਾਰ ਧੱਕਾ-ਮੁੱਕੀ ਹੋਈ। ਅੱਜ ਪੁਲਸ ਅਫਸਰਾਂ ਨੇ ਸੰਜਮ ਤੋਂ ਕੰਮ ਲਿਆ। ਵੱਡਾ ਕਾਂਡ ਹੋਣੋ ਬਚਾਅ  ਹੋ ਗਿਆ। ਜ਼ਿਕਰਯੋਗ ਹੈ ਕਿ ਪਟਿਆਲਾ ਪੁਲਸ ਨੇ 54 ਅਧਿਆਪਕਾਂ 'ਤੇ ਕੇਸ ਕਰਜ ਕਰ ਦਿੱਤਾ ਹੈ। ਇਸ ਕਾਰਨ ਅਧਿਆਪਕਾਂ ਨੇ ਅੱਜ ਫਿਰ ਪੂਰੀ ਤਰ੍ਹਾਂ ਸ਼ਹਿਰ ਨੂੰ ਗਰਮਾਈ ਰੱਖਿਆ।

ਅਧਿਆਪਕ ਅੱਜ ਇਸ ਲਾਠੀਚਾਰਜ ਤੇ ਤਸ਼ੱਦਦ ਖਿਲਾਫ ਸਥਾਨਕ ਜ਼ਿਲਾ ਸਿੱਖਿਆ ਅਫ਼ਸਰਾਂ ਦੇ ਦਫਤਰ ਅੱਗੇ ਇਕੱਠੇ ਹੋਏ। ਰੋਸ ਮਾਰਚ ਕਰਦੇ ਵਾਈ. ਪੀ. ਐੈੱਸ. ਚੌਕ ਪਹੁੰਚ ਕੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਜ਼ਾਹਰ ਕੀਤਾ। ਪੁਲਸ ਨੇ ਅਧਿਆਪਕਾਂ ਨੂੰ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ। ਅੱਗੇ ਮੋਤੀ ਮਹਿਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਅਧਿਆਪਕ ਆਗੂਆਂ ਹਰਦੀਪ ਟੋਡਰਪੁਰ, ਦੀਦਾਰ ਸਿੰਘ, ਪਰਮਜੀਤ ਸਿੰਘ, ਵਿਕਰਮਦੇਵ ਸਿੰਘ, ਜੋਗਾ ਸਿੰਘ ਘਨੌਰ, ਅਨੂਪ ਸ਼ਰਮਾ, ਹਰਵਿੰਦਰ ਰੱਖੜਾ, ਮਨੋਜ ਘਈ, ਜਸਵਿੰਦਰ ਲਖਮੀਰਵਾਲਾ, ਕੁਲਦੀਪ ਗੋਬਿੰਦਪੁਰਾ, ਕੁਲਦੀਪ ਪਟਿਆਲਵੀ, ਸੁਮਿਤ ਕੁਮਾਰ, ਕਰਨੈਲ ਤੇਜਾ, ਮਿੱਠੂ ਖਾਨ, ਜਸਵਿੰਦਰ ਸਮਾਣਾ, ਦੀਦਾਰ ਸਿੰਘ ਸਮਾਣਾ ਅਤੇ ਹਾਕਮ ਖਨੌੜਾ ਨੇ ਅਧਿਆਪਕਾਂ ਦੀ ਅਵਾਜ਼ ਨੂੰ ਦਬਾਉਣ ਲਈ ਸਰਕਾਰ ਵੱਲੋਂ ਅਪਣਾਏ ਜਾ ਰਹੇ ਦਮਨਕਾਰੀ ਰਵੱਈਏ ਦਾ ਵਿਰੋਧ ਦਰਜ ਕਰਵਾਇਆ।

ਉਨ੍ਹਾਂ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਅਧਿਆਪਕਾਂ 'ਤੇ ਹੋਏ ਇਸ ਤਸ਼ੱਦਦ ਨੂੰ ਸਰਕਾਰ ਦੇ ਗੈਰ-ਜਮਹੂਰੀ ਅਤੇ ਲੋਕ-ਵਿਰੋਧੀ ਕਿਰਦਾਰ ਦਾ ਪ੍ਰਗਟਾਵਾ ਕਰਾਰ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਨਾਲ ਆਪਣੇ ਚੋਣ ਮਨੋਰਥ-ਪੱਤਰ ਅਤੇ ਧਰਨਿਆਂ ਵਿਚ ਪਹੁੰਚ ਕੇ ਵਾਅਦੇ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਨੂੰ ਸ਼ਾਂਤੀ-ਪੂਰਵਕ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਅਧਿਆਪਕਾਂ 'ਤੇ ਲਾਠੀਚਾਰਜ ਕਰਵਾਉਣ ਦੀ ਥਾਂ ਆਪਣੇ ਵਾਅਦੇ ਪੂਰੇ ਕਰਨ ਵੱਲ ਗੰਭੀਰਤਾ ਨਾਲ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ  ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 10 ਫਰਵਰੀ ਨੂੰ ਮੁੱਖ ਮੰਤਰੀ ਨਿਵਾਸ ਨੇੜੇ ਪੁਲਸ ਦੁਆਰਾ ਕੀਤੇ ਲਾਠੀਚਾਰਜ ਦੌਰਾਨ ਮਹਿਲਾ ਅਧਿਆਪਕਾਵਾਂ ਨਾਲ ਪੁਰਸ਼ ਪੁਲਸ ਮੁਲਾਜ਼ਮਾਂ ਵੱਲੋਂ ਖਿੱਚ-ਧੂਹ ਕਰਨ, ਚੁੰਨੀਆਂ ਪਾੜਣ, ਅਪਸ਼ਬਦ ਬੋਲਣ ਅਤੇ ਗੰਭੀਰ ਰੂਪ ਵਿਚ ਜ਼ਖਮੀ ਕਰਨ ਤੋਂ ਇਲਾਵਾ ਹੋਰਨਾਂ ਸੈਂਕੜੇ ਅਧਿਆਪਕਾਂ 'ਤੇ ਵੀ ਲਾਠੀਚਾਰਜ ਕਰਦਿਆਂ ਤਸ਼ੱਦਦ  ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਅਧਿਆਪਕਾਂ ਨਾਲ ਹੋਏ ਇਸ ਅਣਮਨੁੱਖੀ ਤਸ਼ੱਦਦ ਦੀ ਤੁਰੰਤ ਜੁਡੀਅਸ਼ਲ ਜਾਂਚ ਕਰਵਾ ਕੇ ਜ਼ਿੰਮੇਵਾਰ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ  ਦੀ ਮੰਗ ਕੀਤੀ। 
ਅਧਿਆਪਕ ਆਗੂਆਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਗੈਰ-ਵਿਗਿਆਨਕ ਅਤੇ ਗੈਰ-ਮਿਆਰੀ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਰਾਹੀਂ ਸਕੂਲੀ ਸਿੱਖਿਆ ਤੰਤਰ ਦਾ ਬੇੜਾ ਗਰਕ ਕਰਨ ਖਿਲਾਫ ਸਿੱਖਿਆ ਸਕੱਤਰ ਤੇ ਉਸ ਦੇ ਅਖੌਤੀ ਪ੍ਰਾਜੈਕਟ ਦਾ ਜ਼ਿਲੇ ਵਿਚ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ।


KamalJeet Singh

Content Editor

Related News