ਜ਼ਿਲੇ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਦਾ ਹਾਲ- ਬੇਹਾਲ, ਕੋਈ ਨਹੀਂ ਚੈਕਿੰਗ ਕਰਨ ਵਾਲਾ

Sunday, Sep 30, 2018 - 07:07 AM (IST)

ਜ਼ਿਲੇ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਦਾ ਹਾਲ- ਬੇਹਾਲ, ਕੋਈ ਨਹੀਂ ਚੈਕਿੰਗ ਕਰਨ ਵਾਲਾ

 ਮੋਹਾਲੀ, (ਰਾਣਾ)- ਫੇਜ਼-6 ਸਥਿਤ ਸਿਵਲ ਹਸਪਤਾਲ, ਜੋ ਕਿ ਪੂਰੇ ਜ਼ਿਲੇ ਵਿਚ ਸਭ ਤੋਂ ਵੱਡਾ ਹਸਪਤਾਲ ਹੈ ਤੇ ਜਿੱਥੇ ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ, ਦੀ ਹਾਲਤ ਵੇਖੀਏ ਤਾਂ ਬਡ਼ੀ ਹੀ ਖਸਤਾ ਬਣੀ ਹੋਈ ਹੈ। ਹਸਪਤਾਲ ਦੀ ਐਮਰਜੈਂਸੀ ਅਤੇ ਜਿਥੇ ਡਾਗ ਬਾਈਟ ਦੇ ਕੇਸ ਆਉਂਦੇ ਹਨ, ਦੇ ਬਾਹਰ ਆਵਾਰਾ ਕੁੱਤੇ ਬੈਠੇ ਰਹਿੰਦੇ ਹਨ  ਜਿਨ੍ਹਾਂ  ਕਾਰਨ ਉਥੇ ਰੋਜ਼ਾਨਾ ਆ ਰਹੇ ਮਰੀਜ਼ਾਂ ਨੂੰ ਵੀ ਹਰ ਸਮੇਂ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਕਿ ਉਥੇ ਹੀ ਸਿਵਲ ਹਸਪਤਾਲ ਵਿਚ ਸਿਵਲ ਸਰਜਨ ਤੇ ਐੱਸ. ਐੱਮ. ਓ. ਵੀ ਮੌਜੂਦ ਹੁੰਦੇ ਹਨ ਪਰ ਲਗਦਾ ਹੈ ਕਿ ਅਧਿਕਾਰੀ ਵੀ ਇਸ ਨੂੰ ਅਣਦੇਖਿਅਾ ਕਰਦੇ ਹੋਏ ਨਜ਼ਰ ਆ ਰਹੇ ਹਨ।  
 ਵੱਡੀ ਗਿਣਤੀ ’ਚ ਆਉਂਦੇ ਹਨ ਐਮਰਜੈਂਸੀ ’ਚ ਮਰੀਜ਼ 
 ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਰੋਜ਼ਾਨਾ ਕਾਫ਼ੀ ਗਿਣਤੀ ’ਚ ਮਰੀਜ਼ ਆਉਂਦੇ ਹਨ। ਐਮਰਜੈਂਸੀ ਵਿਚ ਛੋਟੇ ਬੱਚੇ ਵੀ ਆਉਂਦੇ ਹਨ ਪਰ ਉਥੇ ਆਵਾਰਾ ਕੁੱਤੇ ਬੈਠੇ ਹੁੰਦੇ ਹਨ। ਸਾਰੇ ਉਥੋਂ ਡਰਦੇ ਹੋਏ ਲੰਘਦੇ ਹਨ, ਜਦੋਂਕਿ ਹਸਪਤਾਲ ਦੇ ਡਾਕਟਰ, ਸਟਾਫ ਤੇ ਹੈਲਪਰ ਸਾਰੇ ਉਥੋਂ ਹੀ ਲੰਘਦੇ ਹਨ ਫਿਰ ਵੀ ਉਨ੍ਹਾਂ ਵਿਚੋਂ ਕਿਸੇ ਨੂੰ ਆਵਾਰਾ ਕੁੱਤੇ ਬੈਠੇ ਵਿਖਾਈ ਨਹੀਂ ਦਿੰਦੇ। ਜ਼ਿਲੇ ਵਿਚ  ਜਿਹੜੇ  ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਕੱਟਿਆ ਹੁੰਦਾ ਹੈ ਉਹ ਇੰਜੈਕਸ਼ਨ ਲਵਾਉਣ ਲਈ ਸਿਵਲ ਹਸਪਤਾਲ ਵਿਚ ਆਉਂਦੇ ਹਨ,  ਹਸਪਤਾਲ ਵਿਚ ਜਿਥੇ ਡਾਗ ਬਾਈਟ ਕੇਸ ਦੇ ਮਰੀਜ਼ ਲਾਈਨ ਲਾ ਕੇ ਖਡ਼੍ਹੇ ਹੁੰਦੇ ਹਨ, ਉਨ੍ਹਾਂ ਦੇ ਕੋਲ ਹੀ ਆਵਾਰਾ ਕੁੱਤੇ ਵੀ ਖਡ਼੍ਹੇ ਹੁੰਦੇ ਹਨ।  
 ਬਾਥਰੂਮ ਤੇ ਵਾਸ਼ਬੇਸ਼ਨ ਵੀ  ਟੁੱਟੇ
 ਹਸਪਤਾਲ ਦੇ ਬਾਥਰੂਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲਤ ਤਾਂ ਕੁਝ ਜ਼ਿਆਦਾ ਹੀ ਖਸਤਾ ਬਣੀ ਹੋਈ ਹੈ। ਇਸ ਦੇ ਨਾਲ ਹੀ ਵਾਸ਼ਬੇਸ਼ਨ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ, ਜਿਸ ਕਾਰਨ ਹਸਪਤਾਲ ਵਿਚ ਆਉਣ ਵਾਲੇ ਤੇ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟਾਫ ਤੇ ਡਾਕਟਰਾਂ ਨੂੰ ਇਨ੍ਹਾਂ ਮੁਸ਼ਕਲਾਂ ’ਚੋਂ ਨਹੀਂ  ਨਿਕਲਣਾ ਪੈਂਦਾ ਕਿਉਂਕਿ ਉਨ੍ਹਾਂ ਲਈ ਵੱਖਰੇ  ਕਮਰੇ ਬਣੇ ਹੋਏ ਹਨ।  
 ਨਿਯਮਾਂ ਦੀਆਂ ਉੱਡ ਰਹੀਆਂ ਹਨ  ਧੱਜੀਆਂ
 ਹਸਪਤਾਲ ਦੀ ਹਾਲਤ ਖਸਤਾ ਦੇ ਨਾਲ-ਨਾਲ ਨਿਯਮਾਂ ਦੀਆਂ ਵੀ ਧੱਜੀਆਂ ਉਡ ਰਹੀਆਂ ਹਨ। ਸਟਰੈਚਰ ਜੋ ਮਰੀਜ਼ਾਂ ਨੂੰ ਐਮਰਜੈਂਸੀ ਵਿਚ ਲਿਜਾਣ ਲਈ ਰੱਖੇ ਗਏ ਹਨ, ਉਨ੍ਹਾਂ ’ਤੇ ਹਸਪਤਾਲ ਦਾ ਸਾਮਾਨ ਇਧਰ-ਉਧਰ ਲਿਜਾਇਆ ਰਿਹਾ ਹੈ, ਜਦੋਂਕਿ ਕਈ ਵਾਰ ਤਾਂ ਸਟਰੈਚਰ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਵੀ ਪ੍ਰੇਸ਼ਾਨੀ ਆਉਂਦੀ ਹੈ। 


Related News