ਬਾਦਲਾਂ ਦੇ ਕਿਲੇ ''ਚ ਜਸ਼ਨ ਦਾ ਮਹੌਲ

Thursday, May 23, 2019 - 08:01 PM (IST)

ਲੰਬੀ/ਮਲੋਟ, (ਜੁਨੇਜਾ)— ਫਰਵਰੀ 17 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਢਾਈ ਸਾਲਾਂ ਬਾਅਦ ਅੱਜ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਹੜੇ ਵਿਚ ਵਧਾਈਆਂ ਦੇਣ ਵਾਲਿਆਂ  ਵਰਕਰਾਂ ਦਾ ਤਾਂਤਾਂ ਲੱਗਾ ਹੋਇਆ ਸੀ। ਬੇਸ਼ੱਕ ਹਲਕੇ ਲੰਬੀ ਦੇ ਕੁਝ ਕੁ ਪੱਕੇ ਜਾਂ ਅਹੇਦੇਦਾਰ ਅਤੇ ਵਰਕਰ ਜਿਹੜੇ ਕੰਮ ਧੰਧਿਆਂ ਲਈ ਹਰ ਉਸ ਦਿਨ ਆਪਣੀ ਹਾਜਰੀ ਲਵਾਉਂਦੇ ਹਨ ਜਿਸ ਦਿਨ ਸਾਬਕਾ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਵਿਚੋਂ ਕੋਈ ਵੀ ਪਰਿਵਾਰਕ ਮੈਂਬਰ ਪਿੰਡ ਆਇਆ ਹੋਵੇ । ਪਰ ਅੱਜ ਸਵੇਰ ਤੋਂ ਗਿਣਤੀ ਦੇ ਵਰਕਰ ਬੂਹੇ ਦੇ ਬਾਹਰ ਆ ਖੜੇ ਅਤੇ ਨਤੀਜੇ ਨੂੰ ਉਡੀਕਣ ਲੱਗੇ। 

ਸੁਖਬੀਰ ਦੀ ਜਿੱਤ ਨਿਸ਼ਚਤ ਅਤੇ ਵਰਕਰਾਂ ਵਿਚ ਬਠਿੰਡਾਂ ਨੂੰ ਲੈਕੇ ਬਣੀ ਸੀ ਦੁਬਿਧਾ
ਸੁਖਬੀਰ ਸਿੰਘ ਬਾਦਲ ਦੀ ਫਿਰੋਜ਼ਪੁਰ ਤੋਂ ਜਿੱਤ ਨੂੰ ਲੈਕੇ ਭਾਵੇਂ ਵਰਕਰਾਂ ਵਿਚ ਯਕੀਨ ਸੀ ਅਤੇ ਜਿਵੇਂ ਜਿਵੇਂ ਨਤੀਜੇ ਸਾਹਮਣੇ ਆਉਂਦੇ ਰਹੇ ਅਕਾਲੀਆਂ ਵਿਚ ਪੂਰਨ ਉਤਸ਼ਾਹ ਬਣ ਗਿਆ ਪਰ ਬਠਿੰਡਾਂ ਸੀਟ ਨੂੰ ਲੈਕੇ ਇਹਨਾਂ ਵਰਕਰਾਂ ਵਿਚ ਦੁਬਿਧਾ ਸੀ। ਇਸ ਲਈ ਕੋਈ ਵੀ ਵਰਕਰ ਉਨ੍ਹੀਂ ਦੇਰ ਖੁੱਲ ਕੇ ਖੁਸ਼ੀ ਮਨਾਉਣ ਦਾ ਹੌਂਸਲਾਂ ਨਹੀਂ ਕਰ ਸਕਦਾ ਸੀ ਜਿੰਨੀ ਦੇਰ ਬਠਿੰਡਾਂ ਸੀਟ ਤੋਂ ਜਿੱਤ ਦੀ ਝੰਡੀ ਨਹੀਂ ਹਿੱਲਣੀ ਸੀ। ਅਖੀਰ ਅੜ ਫਸ ਕੇ ਮਹਿਜ 20 ਹਜ਼ਾਰ ਦੇ ਫਰਕ ਨਾਲ ਜਿੱਤ ਦੀ ਖਬਰ ਸੁਣਦਿਆਂ ਹੀ ਹਲਕੇ ਭਰ 'ਚੋਂ ਸੈਂਕੜੇ ਵਰਕਰ ਪੁੱਜ ਗਏ ਅਤੇ ਢੋਲ ਧਮੱਕੇ ਨਾਲ ਲੱਡੂ ਵੰਡਣੇ ਸ਼ੁਰੂ ਹੋ ਗਏ। 

ਪਤੀ ਪਤਨੀ ਦੀ ਜਿੱਤ ਨੇ ਭੁਲਾਇਆ ਪਾਰਟੀ ਦੀ ਪੰਜਾਬ ਵਿਚ ਭਾਰੀ  ਹਾਰ ਦਾ ਗਮ
ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਨੇ ਬਾਦਲ ਪਰਿਵਾਰ ਨੂੰ ਪੰਜਾਬ ਅੰਦਰ ਪਾਰਟੀ ਦੀ ਹੋਈ ਬੁਰੀ ਤਰ੍ਹਾਂ ਹਾਰ ਦਾ ਗਮ ਵੀ ਭੁਲਾ ਦਿੱਤਾ ਲੱਗਦਾ ਸੀ। ਅਕਾਲੀ ਦਲ ਦੀਆਂ 10 ਸੀਟਾਂ ਵਿਚ ਸਿਰਫ ਦੋ ਤੇ ਜਿੱਤ ਹੋਈ ਜਦ ਕਿ ਬਾਕੀ ਸਾਰੀਆਂ 8 ਸੀਟਾਂ 'ਤੇ ਉਮੀਦਵਾਰ ਹਾਰ ਗਏ ਅਤੇ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਦੋਨੇ ਸੀਟਾਂ ਤੇ ਉਮੀਦਵਾਰ ਵਜੋਂ ਉਤਰਨ ਤੋਂ ਬਾਅਦ ਬਾਦਲ ਪਰਿਵਾਰ ਲਈ ਇਨ੍ਹਾਂ ਸੀਟਾਂ ਤੇ ਖਾਸ ਕਰਕੇ ਬਠਿੰਡਾਂ ਵਿਚ ਸਖਤ ਮੁਕਾਬਲਾ ਦੇਣਾ ਪਿਆ। ਇਨ੍ਹਾਂ ਦੋਨਾਂ ਸੀਟਾਂ ਤੇ ਬਾਦਲ ਪਰਿਵਾਰ ਦੀ ਜਿੱਤ ਵਕਾਰ ਦਾ ਸਵਾਲ ਸੀ ਪਰ ਕਿਤੇ ਨਾ ਕਿਤੇ ਇਸ ਨਾਲ ਪਾਰਟੀ ਦਾ ਨੁਕਸਾਨ ਹੋਇਆ ਹੈ। ਬਾਦਲ ਜੋੜੇ ਦੀ ਜਿੱਤ ਤੋਂ ਬਾਅਦ ਜਸ਼ਨ ਦੇ ਮਹੌਲ 'ਚ ਸ਼ਾਮਲ ਹੋਏ ਸਾਰੇ ਮੈਂਬਰਾਂ ਵੱਲੋਂ ਵਰਕਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ।


KamalJeet Singh

Content Editor

Related News