ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਨੂੰਹ ਨੂੰ ਕੁੱਟ-ਮਾਰ ਕੇ ਘਰੋਂ ਕੱਢਿਆ

08/19/2019 2:24:30 AM

ਮੋਗਾ, (ਆਜ਼ਾਦ)- ਪਿੰਡ ਮਨਾਵਾਂ ਨਿਵਾਸੀ ਇਕ ਲਡ਼ਕੀ ਨੂੰ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦੇ ਇਲਾਵਾ ਜਾਨ ਤੋਂ ਮਾਰਨ ਦਾ ਯਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਪੀਡ਼ਤਾ ਦੇ ਪਤੀ ਸਮੇਤ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਕੀ ਹੈ ਸਾਰਾ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ 13 ਅਕਤੂੁਬਰ 2017 ਨੂੰ ਹਰਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਬੱਲੂਆਣਾ (ਸ੍ਰੀ ਅੰਮ੍ਰਿਤਸਰ ਸਾਹਿਬ) ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕਿਆਂ ਵਾਲਿਆਂ ਵੱਲੋਂ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਗਿਆ। ਮੇਰਾ ਪਤੀ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਹੈ। ਪੀਡ਼ਤਾ ਨੇ ਕਿਹਾ ਕਿ ਸਹੁਰਾ ਪਰਿਵਾਰ ਮੇਰੇ ਪੇਕੇ ਵਾਲਿਆਂ ਵੱਲੋਂ ਦਿੱਤੇ ਗਏ ਦਾਜ ਤੋਂ ਖੁਸ਼ ਨਹੀਂ ਸਨ, ਜਿਸ ਕਾਰਣ ਉਹ ਮੈਨੂੰ ਹੋਰ ਦਾਜ ਲਿਆਉਣ ਲਈ ਕਹਿੰਦੇ, ਜਿਸ ’ਤੇ ਅਸੀਂ ਇਨਕਾਰ ਕੀਤਾ ਤਾਂ ਉਨ੍ਹਾਂ ਮੇਰੀ ਕਈ ਵਾਰ ਕੁੱਟ-ਮਾਰ ਕੀਤੀ ਅਤੇ ਮੈਂ ਆਪਣੇ ਪੇਕੇ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਪੰਚਾਇਤ ਰਾਹੀਂ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਕਿਸੇ ਨੇ ਕੋਈ ਗੱਲ ਨਾ ਸੁਣੀ। ਮੇਰੇ ਪਤੀ ਨੇ ਮੇਰੇ ਗਲੇ ’ਚ ਚੁੰਨੀ ਪਾ ਕੇ ਮੈਨੂੰ ਜਾਨ ਤੋਂ ਮਾਰਨ ਦਾ ਯਤਨ ਕੀਤਾ ਪਰ ਮੈਂ ਬਚ ਗਈ ਅਤੇ ਰੌਲਾ ਪਾਇਆ ਤਾਂ ਉਥੇ ਸਾਰੇ ਲੋਕ ਆ ਗਏ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹਡ਼ੱਪ ਕਰ ਲਿਆ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੈਨੂੰ ਘਰੋਂ ਕੱਢ ਦਿੱਤਾ।

ਕੀ ਹੋਈ ਪੁਲਸ ਕਾਰਵਾਈ

ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਧਰਮਕੋਟ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਥਾਣਾ ਕੋਟ ਈਸੇ ਖਾਂ ਵਿਚ ਪੀਡ਼ਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਹਰਦੇਵ ਸਿੰਘ, ਸੱਸ ਰਾਜ ਕੌਰ, ਦਿਓਰ ਕੁਲਵਿੰਦਰ ਸਿੰਘ, ਦਰਾਣੀ ਮਨਦੀਪ ਕੌਰ ਸਾਰੇ ਨਿਵਾਸੀ ਪਿੰਡ ਬੱਲੂੁਆਣਾ (ਸ੍ਰੀ ਅੰਮ੍ਰਿਤਸਰ ਸਾਹਿਬ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱÎਸਿਆ ਕਿ ਉਕਤ ਮਾਮਲੇ ’ਚ ਪੀਡ਼ਤਾ ਦੇ ਪਤੀ ਹਰਦੇਵ ਸਿੰਘ ਅਤੇ ਦਿਓਰ ਕੁਲਵਿੰਦਰ ਸਿੰਘ ਨੂੰ ਕਾਬੂੁ ਕਰ ਲਿਆ ਗਿਆ ਹੈ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਨੇ ਦੋਵਾਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ।


Bharat Thapa

Content Editor

Related News