ਪੂਰੀ ਉਮਰ ਸਾਥ ਨਿਭਾਉਣ ਦਾ ਕੀਤਾ ਵਾਅਦਾ, ਵਿਆਹ ਮਗਰੋਂ ਚੌਧਵੇਂ ਦਿਨ ਜੱਗੋਂ ਤੇਰ੍ਹਵੀਂ ਕਰ ਗਈ ਲਾੜੀ

Friday, Jul 07, 2023 - 03:39 PM (IST)

ਪੂਰੀ ਉਮਰ ਸਾਥ ਨਿਭਾਉਣ ਦਾ ਕੀਤਾ ਵਾਅਦਾ, ਵਿਆਹ ਮਗਰੋਂ ਚੌਧਵੇਂ ਦਿਨ ਜੱਗੋਂ ਤੇਰ੍ਹਵੀਂ ਕਰ ਗਈ ਲਾੜੀ

ਭਵਾਨੀਗੜ੍ਹ (ਵਿਕਾਸ ਮਿੱਤਲ) :   ਵਿਆਹ ਦੇ 14 ਦਿਨ ਬਾਅਦ ਹੀ ਲਾੜੀ ਆਪਣੇ ਪਤੀ ਨੂੰ ਛੱਡ ਕੇ ਘਰੋਂ ਗਹਿਣੇ ਅਤੇ ਘਰੇਲੂ ਸਮਾਨ ਲੈ ਕੇ ਫਰਾਰ ਹੋ ਗਈ। ਪਤੀ ਨੂੰ ਬਾਅਦ ’ਚ ਪਤਾ ਲੱਗਾ ਕਿ ਜਿਸ ਔਰਤ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਵਿਆਹ ਦੇ ਨਾਂ ’ਤੇ ਕਈ ਵਾਰ ਲੋਕਾਂ ਨਾਲ ਠੱਗੀ ਮਾਰ ਚੁੱਕੀ ਹੈ। ਮਾਮਲੇ ਦੀ ਸ਼ਿਕਾਇਤ ’ਤੇ ਭਵਾਨੀਗੜ੍ਹ ਪੁਲਸ ਨੇ ਠੱਗ ਲਾੜੀ ਸਮੇਤ ਵਿਆਹ ਕਰਵਾਉਣ ਵਾਲੀਆਂ ਦੋ ਔਰਤਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਸੋਨੂੰ ਸਿੰਘ ਵਾਸੀ ਪਿੰਡ ਤੁਰੀ ਨੇ ਸਥਾਨਕ ਪੁਲਸ ਨੂੰ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਬੱਸ ਅਪਰੇਟਰ ਕੋਲ ਸਫਾਈ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮਾਮਲਾ ਪਿਛਲੇ ਸਾਲ ਦਾ ਹੈ ਜਦੋਂ ਉਸ ਦੇ ਪਿੰਡ ਦੀ ਜਸਵੀਰ ਕੌਰ ਅਤੇ ਭਵਾਨੀਗੜ੍ਹ ਦੀ ਸਿੰਦਰ ਕੌਰ ਨੇ ਗੱਲਾਂ-ਗੱਲਾਂ ’ਚ ਉਸਦਾ ਵਿਸ਼ਵਾਸ ਜਿੱਤ ਲਿਆ ਅਤੇ ਉਸਦਾ ਇੱਕ ਸਿਮਰਨ ਕੌਰ ਨਾਂ ਦੀ ਕੁੜੀ ਨਾਲ ਇਹ ਕਹਿ ਕੇ ਵਿਆਹ ਕਰਵਾ ਦਿੱਤਾ ਕਿ ਉਹ ਕੁੜੀ ਗਰੀਬ ਅਤੇ ਅਨਾਥ ਹੈ। ਪੀੜਤ ਸੋਨੂੰ ਨੇ ਦੱਸਿਆ ਕਿ ਭਵਾਨੀਗੜ੍ਹ ਦੇ ਇੱਕ ਹੋਟਲ ’ਚ ਸ਼ਗਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸਦੇ ਬਦਲੇ ਉਸ ਕੋਲੋਂ 50 ਹਜ਼ਾਰ ਰੁਪਏ ਨਕਦ ਲੈ ਲਏ ਗਏ। 14 ਨਵੰਬਰ ਨੂੰ ਵਿਆਹ ਵਾਲੇ ਦਿਨ ਵੀ ਉਸਦੇ ਪਰਿਵਾਰ ਵੱਲੋਂ ਲਾੜੀ ਸਿਮਰਨ ਨੂੰ ਸੋਨੇ ਦੇ ਟੌਪਸ ਤੇ ਪੰਜੇਬਾਂ ਆਦਿ ਦਾ ਜੋੜਾ ਪਾਇਆ ਗਿਆ। ਪੀੜਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਦੋ ਨੌਸਰਬਾਜ ਔਰਤਾਂ ਖੁੱਦ ਨੂੰ ਲਾੜੀ ਸਿਮਰਨ ਕੌਰ ਦੀਆਂ ਭੂਆ ਦੱਸ ਕੇ ਘਰ ਆਈਆਂ ਅਤੇ 16 ਦਸੰਬਰ ਦੀ ਅੱਧੀ ਰਾਤ ਨੂੰ ਉਕਤ ਸਿਮਰਨ ਘਰ ਦੇ ਬਾਹਰ ਮੋਟਰਸਾਈਕਲ ’ਤੇ ਖੜ੍ਹੇ ਇਕ ਵਿਅਕਤੀ ਨਾਲ ਕੰਧ ਟੱਪ ਕੇ ਭੱਜ ਗਈ।

ਇਹ ਵੀ ਪੜ੍ਹੋ : ਡੁੱਬ ਸਕਦੀ ਹੈ ਸਵਾ 2 ਮਰਲੇ ਕਾਲੋਨੀ, ਜੇਕਰ ਨਹਿਰ ਦਾ ਪਾਣੀ ਡ੍ਰੇਨ ’ਚ ਜਾਣ ਤੋਂ ਨਾ ਰੋਕਿਆ

ਜਾਂਦੇ ਸਮੇਂ ਆਪਣੇ ਨਾਲ ਸਾਰੇ ਗਹਿਣੇ, ਇੱਕ ਮੋਬਾਈਲ ਫੋਨ ਅਤੇ ਘਰੇਲੂ ਸਮਾਨ ਆਦਿ ਲੈ ਗਈ। ਪੀੜਤ ਸੋਨੂੰ ਨੇ ਦੋਸ਼ ਲਾਇਆ ਕਿ ਸਿਮਰਨ ਉਸ ਤੋਂ ਵਿਆਹ ਦੇ ਨਾਂ ’ਤੇ ਕਰੀਬ ਪੌਣੇ 4 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਜਿਸ ਸਬੰਧੀ ਉਸ ਨੇ ਪੁਲਸ ਕੋਲ ਸ਼ਿਕਾਇਤ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਗਈ। ਉਧਰ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਸੋਨੂੰ ਸਿੰਘ ਦੇ ਬਿਆਨਾਂ ’ਤੇ ਪਟਿਆਲਾ ਦੀ ਰਹਿਣ ਵਾਲੀ ਸਿਮਰਨ ਕੌਰ ਸਮੇਤ ਵਿਆਹ ਕਰਵਾਉਣ ਵਾਲੀਆਂ ਦੋ ਕਥਿਤ ਦਲਾਲ ਔਰਤਾਂ ਸਿੰਦਰ ਕੌਰ ਤੇ ਜਸਵੀਰ ਕੌਰ ਦੇ ਖ਼ਿਲਾਫ਼ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਭਵਾਨੀਗੜ੍ਹ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ’ਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ 8 ਮਹੀਨਿਆਂ ਬਾਅਦ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗਬਾਣੀ’ ਦੀ ਆਈਫੋਨ ਐਪ ਨੂੰ ਕਰੋ ਡਾਊਨਲੋਡ

https://apps.apple.com/in/app/jagbani/id538323711

‘ਜਗਬਾਣੀ’ ਦੀ ਐਂਡਰਾਇਡ ਐਪ ਨੂੰ ਕਰੋ ਡਾਊਨਲੋਡ

https://play.google.com/store/apps/details?id=com.jagbani&hl=en&gl=US


author

Anuradha

Content Editor

Related News