ਲੰਗਰ ਮਾਮਲੇ ''ਤੇ ਰਾਜਸਥਾਨ ਦੇ ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ਨੂੰ ਭੇਜਿਆ ਜਵਾਬੀ ਪੱਤਰ

02/25/2020 5:08:12 PM

ਤਲਵੰਡੀ ਸਾਬੋ  (ਮੁਨੀਸ਼): ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕੌਰੇਆਣਾ ਸਮੇਤ ਕਰੀਬ ਇੱਕ ਦਰਜਨ ਪਿੰਡਾਂ ਵੱਲੋਂ ਬੀਤੇ ਕਈ ਵਰ੍ਹਿਆਂ ਤੋਂ ਰਾਜਸਥਾਨ ਦੇ ਬੀਕਾਨੇਰ 'ਚ ਚਲਾਏ ਜਾ ਰਹੇ ਲੰਗਰ ਨੂੰ ਬੀਤੇ ਦਿਨ ਬੀਕਾਨੇਰ ਪ੍ਰਸ਼ਾਸਨ ਵੱਲੋਂ ਚੁਕਵਾ ਦੇਣ ਦੇ ਮੁੱਦੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਕੇਂਦਰੀ ਮੰਤਰੀ ਬੀਬਾ ਬਾਦਲ ਨੂੰ ਲਿਖੀ ਜਵਾਬੀ ਚਿੱਠੀ ਵਿੱਚ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।

ਦੱਸਣਯੋਗ ਹੈ ਕਿ ਹਲਕੇ ਦੇ ਕਰੀਬ 15 ਪਿੰਡਾਂ ਵੱਲੋਂ ਬਣਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਪਿਛਲੇ ਕਰੀਬ ਛੇ ਵਰ੍ਹਿਆਂ ਤੋਂ ਰਾਜਸਥਾਨ ਦੇ ਬੀਕਾਨੇਰ ਦੇ ਅਚਾਰਿਆ ਤੁਲਸੀ ਦਾਸ ਰੀਜਨਲ ਕੈਂਸਰ ਹਸਪਤਾਲ 'ਚ ਮੁਫਤ ਲੰਗਰ ਚਲਾਇਆ ਜਾ ਰਿਹਾ ਸੀ ਜਿਸ ਨੂੰ ਸੱਤ ਮਹੀਨੇ ਪਹਿਲਾਂ ਵੀ ਬੰਦ ਕਰਵਾ ਦਿੱਤਾ ਸੀ ਪਰ ਉਸ ਸਮੇਂ ਹਲਕੇ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਰਾਜਸਥਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਲੰਗਰ ਚਲਵਾ ਦਿੱਤਾ ਸੀ ਤੇ ਹੁਣ ਫਿਰ ਬੀਤੇ ਦਿਨੀਂ ਬੀਕਾਨੇਰ ਪ੍ਰਸ਼ਾਸਨ ਨੇ ਜਬਰੀ ਲੰਗਰ ਚੁਕਵਾ ਕੇ ਲੰਗਰ ਲਈ ਬਣੇ ਸ਼ੈੱਡ ਢਾਹ ਦਿੱਤੇ ਸਨ।ਲੰਗਰ ਕਮੇਟੀ ਵੱਲੋਂ ਉਕਤ ਮਾਮਲੇ ਫਿਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿੱਧੂ ਨੇ ਮਾਮਲਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਕੋਲ ਉਠਾਇਆ ਸੀ ਤੇ ਪਿਛਲੇ ਦਿਨੀਂ ਬੀਬਾ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਲੰਗਰ ਬੰਦ ਕਰਵਾਉਣ ਤੇ ਇਤਰਾਜ ਪ੍ਰਗਟਾਂਉਦਿਆਂ ਉਸਨੂੰ ਫਿਰ ਸ਼ੁਰੂ ਕਰਵਾਉਣ ਲਈ ਨਿੱਜੀ ਦਖਲ ਦੀ ਮੰਗ ਕੀਤੀ ਸੀ।ਹੁਣ ਰਾਜਸਥਾਨ ਦੇ ਮੁੱਖ ਮੰਤਰੀ ਨੇ ਬੀਬਾ ਬਾਦਲ ਨੂੰ ਜਵਾਬੀ ਪੱਤਰ ਭੇਜਿਆ ਹੈ।ਉਕਤ ਪੱਤਰ ਮਿਲਣ ਦੀ ਸਾਬਕਾ ਵਿਧਾਇਕ ਸਿੱਧੂ ਨੇ ਵੀ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਰਾਜਸਥਾਨ ਨੇ ਬੀਬਾ ਬਾਦਲ ਨੂੰ ਭੇਜੀ ਜਵਾਬੀ ਚਿੱਠੀ ਵਿੱਚ ਕਿਹਾ ਹੈ ਕਿ ਉਨ੍ਹਾਂ ਮਾਮਲੇ ਨਾਲ ਸਬੰਧਿਤ ਅਥਾਰਿਟੀ ਨੂੰ ਬਣਦੀ ਕਾਰਵਾਈ ਦੀ ਹਦਾਇਤ ਜਾਰੀ ਕਰ ਦਿੱਤੀ ਹੈ।ਸਿੱਧੂ ਨੇ ਇਸ ਮੌਕੇ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਵੱਲੋਂ ਮਾਮਲੇ ਵਿੱਚ ਦਖਲ ਦੇਣ ਕਾਰਣ ਹੁਣ ਲੰਗਰ ਦੇ ਫਿਰ ਆਰੰਭ ਹੋਣ ਦੀ ਉਮੀਦ ਬੱਝੀ ਹੈ।


Shyna

Content Editor

Related News