ਭਵਾਨੀਗੜ੍ਹ ''ਚ ਸਵਾਇਨ ਫਲੂ ਦਾ ਪਾਜ਼ੀਟਿਵ ਕੇਸ ਆਇਆ ਸਾਹਮਣੇ

03/11/2020 8:43:47 PM

ਭਵਾਨੀਗੜ,(ਵਿਕਾਸ) : ਇਲਾਕੇ 'ਚ ਸਵਾਇਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਤੋਂ ਬਾਅਦ ਬਲਾਕ ਪੱਧਰ 'ਤੇ ਸਵਾਇਨ ਫਲੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਡੇ ਦਾਅਵੇ ਠੁੱਸ ਦਿਖਾਈ ਦੇ ਰਹੇ ਹਨ। ਪਾਜੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਮਰੀਜ਼ ਦਾ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਚੱਲ ਰਿਹਾ ਹੈ। ਮਾਮਲੇ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਦਫ਼ਤਰ ਸੰਗਰੂਰ ਵਿਖੇ ਤਾਇਨਾਤ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਕਰੀਬ 3 ਦਿਨ ਪਹਿਲਾਂ ਭਵਾਨੀਗੜ ਬਲਾਕ ਦੇ ਪਿੰਡ ਬਾਲਦ ਖੁਰਦ ਦੀ 50 ਸਾਲਾ ਦੀ ਇੱਕ ਔਰਤ ਨੂੰ ਖਾਂਸੀ, ਜੁਕਾਮ ਦੀ ਸ਼ਿਕਾਇਤ ਹੋਣ ਤੋਂ ਬਾਅਦ
ਉਸ ਦੇ ਪਰਿਵਾਰ ਵੱਲੋਂ ਮਰੀਜ਼ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿਸ ਦੀ ਐਚ-1 ਐੱਨ-1(ਸਵਾਇਨ ਫਲੂ) ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹਾਲਾਂਕਿ ਇਲਾਜ ਤੋਂ ਬਾਅਦ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ ਹੈ। ਡਾ. ਬਿੰਦਰਾ ਨੇ ਦੱਸਿਆ ਕਿ ਤਾਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਲ੍ਹੇ ਵਿੱਚ ਹੁਣ ਤੱਕ ਸਵਾਇਨ ਫਲੂ ਦੇ ਕੇਸਾਂ ਦੀ ਗਿਣਤੀ ਤਿੰਨ ਹੋ ਗਈ ਹੈ। ਦੂਜੇ ਪਾਸੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਵਾਇਨ ਫਲੂ ਨੂੰ ਲੈ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਜਾਗਰੂਕਤਾ ਮੁਹਿੰਮਾਂ ਮਹਿਜ ਖਾਨਪੂਰਤੀ ਹੀ ਸਾਬਤ ਹੋ ਰਹੀਆਂ ਹਨ।


Related News