ਗੰਦਗੀ ਦੇ ਢੇਰਾਂ ’ਚ ਤਬਦੀਲ ਹੋਇਆ ਸੁੱਕਿਆ ਸਤਲੁਜ ਦਰਿਆ
Monday, Jan 21, 2019 - 06:58 AM (IST)

ਫਿਰੋਜ਼ਪੁਰ (ਕੁਮਾਰ)– ਸਤਲੁਜ ਦਰਿਆ ਕਿਸੇ ਸਮੇਂ ਸਰਹੱਦੀ ਖੇਤਰ ਦੀ ਖੇਤੀ ਅਤੇ ਆਰਥਕਤਾ ਦੇ ਵਿਕਾਸ ਵਿਚ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਸੀ ਪਰ ਮਨੁੱਖੀ ਲਾਲਚ ਅਤੇ ਗਲਤ ਨੀਤੀਆਂ ਦੀ ਬਦੌਲਤ ਇਹ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਸਰਹੱਦੀ ਖੇਤਰ ਦੇ ਲੋਕਾਂ ਲਈ ਸਰਾਪ ਬਣ ਚੁੱਕਾ ਹੈ ਅਤੇ ਇਸ ਦੇ ਕਾਰਨ ਅਨੇਕਾਂ ਲਾ-ਇਲਾਜ ਬੀਮਾਰੀਆਂ ਪੈਦਾ ਹੋ ਰਹੀਆਂ ਹਨ।ਇਸ ਦੇ ਹੱਲ ਲਈ ਸਰਕਾਰ ਵੀ ਗੰਭੀਰ ਦਿਖਾਈ ਨਹੀਂ ਦੇ ਰਹੀ। ਜਾਣਕਾਰੀ ਅਨੁਸਾਰ ਪਿਛਲੇ 2 ਮਹੀਨਿਆਂ ਤੋਂ ਹਰੀਕੇ ਡੈਮ ਤੋਂ ਸਤਲੁਜ ਦਰਿਆ ਵਿਚ ਹੁਸੈਨੀਵਾਲਾ ਡੈਮ ਲਈ ਪਾਣੀ ਛੱਡਣਾ ਬੰਦ ਕਰ ਦਿੱਤਾ ਗਿਆ ਹੈ। ਹੁਸੈਨੀਵਾਲਾ ਡੈਮ ਦੇ ਗੇਟਾਂ ਦੀ ਮੁਰੰਮਤ ਹੋਣ ਕਾਰਨ ਇਹ ਡੈਮ ਤੇ ਸਤਲੁਜ ਦਰਿਆ ਦੀਆਂ ਸ਼ਾਖਵਾਂ ਵਿਚ ਪਾਣੀ ਬਿਲਕੁਲ ਸੁੱਕ ਚੁੱਕਾ ਹੈ। ਅਨੇਕਾਂ ਜਲ ਜੀਵ ਤੇ ਮੱਛੀਆਂ ਤਡ਼ਫ-ਤਡ਼ਫ ਕੇ ਮਰ ਚੁੱਕੀਅਾਂ ਹਨ ਤੇ ਜਲ-ਬੂਟੀ ਵੀ ਪੂਰੀ ਤਰ੍ਹਾਂ ਸੁੱਕ ਗਈ ਹੈ। ਦਰਿਆ ਦੇ ਆਸ-ਪਾਸ ਸਥਿਤ ਪਿੰਡਾਂ ਤੇ ਢਾਣੀਆਂ ਦੇ ਲੋਕ ਘਰਾਂ ਦਾ ਕੂਡ਼ਾ ਤੇ ਫਸਲਾਂ ਦੀ ਰਹਿੰਦ-ਖੂੰਹਦ ਦਰਿਆ ’ਚ ਸੁੱਟ ਰਹੇ ਹਨ, ਜਿਸ ਦੀ ਬਦੌਲਤ ਸਤਲੁਜ ਦਰਿਆ ਪੂਰੀ ਤਰ੍ਹਾਂ ਕੂਡ਼ੇ ਦੇ ਢੇਰ ਵਿਚ ਤਬਦੀਲ ਹੋ ਚੁੱਕਾ ਹੈ।
ਸਾਡੇ ਪ੍ਰਤੀਨਿਧੀ ਵੱਲੋਂ ਹੁਸੈਨੀਵਾਲਾ ਹੈੱਡ ਵਰਕਸ ਦੇ ਨਜ਼ਦੀਕ ਸਤਲੁਜ ਦਰਿਆ ਦੀਆਂ ਨਿਕਲਦੀਅਾਂ ਸ਼ਾਖਾਵਾਂ ਦਾ ਵਿਸ਼ੇਸ਼ ਤੌਰ ’ਤੇ ਮੁਆਇਨਾ ਕੀਤਾ ਗਿਆ ਤਾਂ ਦੇਖ ਕੇ ਹੈਰਾਨੀ ਹੋਇਆ ਕਿ ਪਿੰਡ ਗੱਟੀ ਹਜ਼ਾਰਾ ਸਿੰਘ ਵਾਲਾ, ਭੱਖਡ਼ਾ, ਗੱਟੀ ਰਾਜੋੋ ਕੇ, ਜੱਲੋ ਕੇ ਆਦਿ ਪਿੰਡ ਸਤਲੁਜ ਦਰਿਆ ਦੇ ਕਿਨਾਰੇ ’ਤੇ ਵੱਸੇ ਹਨ। ਦਰਿਆ ਵਿਚ ਭਰੀ ਗੰਦਗੀ ਅਤੇ ਬਦਬੂ ਨਾਲ ਪੈਦਾ ਹੋ ਰਹੀਆਂ ਭਿਆਨਕ ਬੀਮਾਰੀਆਂ ਮਹਾਮਾਰੀ ਦਾ ਰੂਪ ਧਾਰਨ ਕਰ ਸਕਦੀਆਂ ਹਨ।
ਲੋਕ ਹੋ ਰਹੇ ਨੇ ਹੱਡੀਆਂ ਤੇ ਚਮਡ਼ੀ ਦੇ ਰੋਗਾਂ ਦੇ ਸ਼ਿਕਾਰ
ਵੱਖ-ਵੱਖ ਪਿੰਡਾਂ ਦੇ ਵਾਸੀ ਮੁਖਤਿਆਰ ਸਿੰਘ, ਮੰਗਲ ਸਿੰਘ, ਗੁਰਦੀਪ ਸਿੰਘ, ਮੱਖਣ ਸਿੰਘ, ਗੁਰਦੇਵ ਸਿੰਘ ਨੇ ਸਰਕਾਰ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਅਾਂ ਕਿਹਾ ਕਿ ਦਰਿਆ ਦੀ ਸਫਾਈ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਬੰਦ ਹੋ ਸਕੇ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ’ਚ ਪ੍ਰਦੂਸ਼ਿਤ ਤੇ ਸ਼ਹਿਰੀ ਸੀਵਰੇਜ ਦਾ ਗੰਦਾ ਪਾਣੀ ਆਉਣ ਕਾਰਨ ਸਰਹੱਦੀ ਪਿੰਡਾਂ ਦਾ ਪੀਣ ਵਾਲਾ ਪਾਣੀ ਖਰਾਬ ਹੋ ਗਿਆ ਹੈ, ਜਿਸ ਕਾਰਨ ਹੱਡੀਆਂ ਦੇ ਰੋਗ, ਚਮਡ਼ੀ ਦੇ ਰੋਗ, ਅੱਖਾਂ ਦੀਆਂ ਤੇ ਅਨੇਕਾਂ ਹੋਰ ਗੰਭੀਰ ਬੀਮਾਰੀਆਂ ਪਿੰਡਾਂ ਵਿਚ ਆਮ ਦੇਖਣ ਨੂੰ ਮਿਲਦੀਆਂ ਹਨ ਪਰ ਇਨ੍ਹਾਂ 14 ਪਿੰਡਾਂ ’ਚ ਕੋਈ ਵੀ ਹਸਪਤਾਲ ਨਾ ਹੋਣ ਕਾਰਨ 18 ਕਿਲੋਮੀਟਰ ਦੂਰ ਫਿਰੋਜ਼ਪੁਰ ਸ਼ਹਿਰ ਪਹੁੰਚਣਾ ਬੇਹੱਦ ਮੁਸ਼ਕਲ ਭਰਿਆ ਹੁੰਦਾ ਹੈ।
ਜਵਾਨਾਂ ਦੀ ਸਿਹਤ ’ਤੇ ਵੀ ਪੈ ਸਕਦੈ ਮਾਡ਼ਾ ਅਸਰ
ਸਤਲੁਜ ਦਰਿਆ ਦੇ ਪ੍ਰਦੂਸ਼ਣ ਦਾ ਬੀ. ਐੱਸ. ਐੱਫ. ਤੇ ਆਰਮੀ ਜਵਾਨਾਂ ਦੀ ਸਿਹਤ ਉਪਰ ਵੀ ਮਾਡ਼ਾ ਅਸਰ ਪੈਣ ਦਾ ਡਰ ਬਣਿਆ ਰਹਿੰਦਾ ਹੈ। ਸਾਡੇ ਪ੍ਰਤੀਨਿਧੀ ਨੇ ਦੇਖਿਆ ਕਿ ਬੀ. ਐੱਸ. ਐੱਫ. ਦੀਆਂ ਅਨੇਕਾਂ ਚੌਕੀਆਂ ਸਰਹੱਦ ’ਤੇ ਸਤਲੁਜ ਦੇ ਆਸ-ਪਾਸ ਬਣੀਆਂ ਹੋਈਆਂ ਹਨ ਤੇ ਜਵਾਨ ਉਸ ਸਥਾਨ ’ਤੇ ਹੀ ਲਗਾਤਾਰ ਡਿਊਟੀ ਕਰਦੇ ਹਨ ਤੇ ਉਥੇ ਹੀ ਰਹਿੰਦੇ ਹਨ।
ਭੂ-ਮਾਫੀਆ ਹੋਇਆ ਸਰਗਰਮ
ਦੱਸਣਯੋਗ ਹੈ ਕਿ ਦਰਿਆ ਦੇ ਸੁੱਕ ਜਾਣ ਕਾਰਨ ਕੁਝ ਭੂ-ਮਾਫੀਆ ਲੋਕ ਵੀ ਸਰਗਰਮ ਹੋ ਚੁੱਕੇ ਹਨ ਤੇ ਨਾਜਾਇਜ਼ ਕਬਜ਼ੇ ਕਰ ਕੇ ਫਸਲਾਂ ਦੀ ਬੀਜਾਈ ਦਰਿਆ ਦੀ ਜ਼ਮੀਨ ’ਚ ਕਰ ਰਹੇ ਹਨ ਤੇ ਦਰਿਆ ਦੇ ਕਿਨਾਰਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜਿਸ ਦਾ ਖਮਿਆਜ਼ਾ ਬਾਰਸ਼ਾਂ ਦੇ ਦਿਨਾਂ ’ਚ ਜਦ ਦਰਿਆ ਵਿਚ ਪਾਣੀ ਚਡ਼੍ਹਦਾ ਹੈ ਤਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਸਤਲੁਜ ਦਰਿਆ ਪ੍ਰਤੀ ਸੰਜੀਦਗੀ ਨਾਲ ਸੋਚਣ ਤੇ ਕੰਮ ਕਰਨ ਲਈ ਕਿਹਾ ਹੈ।