ਸੂਬੇ ’ਚ ਹਰ ਰੋਜ਼ ਵਧ ਰਹੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼
Thursday, Mar 12, 2020 - 12:48 AM (IST)
ਚੰਡੀਗਡ਼੍ਹ, (ਸ਼ਰਮਾ)- ਰਾਜ ’ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ’ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਸਰਕਾਰ ਵਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਹੁਣ ਸ਼ੱਕੀ ਵਿਅਕਤੀਆਂ ਦੀ ਗਿਣਤੀ 13 ਹੋ ਗਈ ਹੈ ਜਦੋਂਕਿ ਪਿਛਲੇ ਸੋਮਵਾਰ ਨੂੰ ਇਹ ਗਿਣਤੀ 10 ਸੀ। ਅਜੇ ਤੱਕ ਸਿਰਫ਼ ਇਟਲੀ ਤੋਂ ਆਏ ਇਕ ਵਿਅਕਤੀ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ ਦਾ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜਦੋਂਕਿ ਜਿਨ੍ਹਾਂ ਹੋਰ 3 ਮਰੀਜ਼ਾਂ ਨੂੰ ਸ਼ੱਕੀ ਮੰਨਿਆ ਗਿਆ ਹੈ, ਉਨ੍ਹਾਂ ਨੂੰ ਅੰਮ੍ਰਿਤਸਰ ਦੇ ਏਅਰਪੋਰਟ ’ਤੇ ਸਕ੍ਰੀਨ ਕੀਤਾ ਗਿਆ ਸੀ। ਸਿਹਤ ਵਿਭਾਗ ਵਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਕੇਂਦਰ ਤੋਂ ਪ੍ਰਾਪਤ ਉਨ੍ਹਾਂ 6213 ਵਿਅਕਤੀਆਂ, ਜਿਨ੍ਹਾਂ ਦੀ ਵੱਖ-ਵੱਖ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਟ੍ਰੈਵਲ ਹਿਸਟਰੀ ਰਹੀ ਹੈ, ’ਚੋਂ 278 ਵਿਅਕਤੀਆ ਦਾ ਅਜੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਪਤਾ ਨਹੀਂ ਲਾ ਸਕਿਆ ਹੈ ਜਦੋਂਕਿ ਹੋਰ 218 ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ। ਬੁਲੇਟਿਨ ਅਨੁਸਾਰ ਅੰਮ੍ਰਿਤਸਰ ਅਤੇ ਮੋਹਾਲੀ ਏਅਰਪੋਰਟ ’ਤੇ ਕ੍ਰਮਵਾਰ 55937 ਅਤੇ 6115 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ। ਇਨ੍ਹਾਂ ’ਚੋਂ ਸਿਰਫ਼ ਅੰਮ੍ਰਿਤਸਰ ਹਵਾਈ ਅੱਡੇ ’ਤੇ ਸਕ੍ਰੀਨ ਕੀਤੇ ਗਏ ਵਿਅਕਤੀਆਂ ’ਚੋਂ 7 ਨੂੰ ਸ਼ੱਕੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਵਾਹਗਾ/ਅਟਾਰੀ ਬਾਰਡਰ ਚੈੱਕ ਪੋਸਟ ’ਤੇ 6204 ਅਤੇ ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈੱਕ ਪੋਸਟ ’ਤੇ 15594 ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ ਗਈ। ਬੁਲੇਟਿਨ ਅਨੁਸਾਰ ਬੁੱਧਵਾਰ ਤੱਕ ਕੇਂਦਰ ਤੋਂ ਪ੍ਰਾਪਤ 6213 ਯਾਤਰੀਆਂ ਦੀ ਸੂਚੀ ’ਚੋਂ 13 ਵਿਅਕਤੀ ਕੋਰੋਨਾ ਵਾਇਰਸ ਦੇ ਸ਼ੱਕੀ ਪਾਏ ਗਏ ਹਨ, ਜਦੋਂਕਿ 3682 ਦੀ ਨਿਗਰਾਨੀ ਦੀ 28 ਦਿਨ ਦੀ ਸਮਾਂ ਹੱਦ ਪੂਰੀ ਹੋ ਗਈ ਹੈ। ਬੁਲੇਟਿਨ ਅਨੁਸਾਰ ਅਜੇ ਤੱਕ 1 ਸ਼ੱਕੀ ਦੀ ਰਿਪੋਰਟ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਦੋਂਕਿ 82 ਨਮੂਨਿਆਂ ’ਚੋਂ 70 ਵਿਅਕਤੀਆਂ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦੋਂਕਿ 9 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। 2 ਸੈਂਪਲ ਲੈਬਾਰਟਰੀ ਵਲੋਂ ਰਿਜੈਕਟ ਕੀਤੇ ਗਏ ਹਨ। ਸਕ੍ਰੀਨਿੰਗ ਤੋਂ ਬਾਅਦ ਜਿਨ੍ਹਾਂ 1597 ਵਿਅਕਤੀਆਂ ਨੂੰ ਨਿਗਰਾਨੀ ’ਚ ਰੱਖਿਆ ਗਿਆ ਹੈ, ਇਨ੍ਹਾਂ ’ਚੋਂ 13 ਸ਼ੱਕੀ ਵਿਅਕਤੀਆਂ ਨੂੰ ਹਸਪਤਾਲਾਂ ’ਚ ਦਾਖਲ ਕੀਤਾ ਗਿਆ ਹੈ ਜਦੋਂਕਿ ਹੋਰ 1584 ਨੂੰ ਘਰਾਂ ’ਚ ਵੱਖ-ਵੱਖ ਰੱਖ ਕੇ ਉਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।