ਖਹਿਰਾ ਨੂੰ ਅਯੋਗ ਐਲਾਨਣ ਲਈ ਸਪੀਕਰ ਨੂੰ ਮਿਲੇ ਚੀਮਾ
Thursday, Jan 17, 2019 - 12:45 AM (IST)
ਚੰਡੀਗੜ੍ਹ,(ਰਮਨਜੀਤ)— ਆਮ ਆਦਮੀ ਪਾਰਟੀ ਵਲੋਂ ਆਖਿਰਕਾਰ ਸੁਖਪਾਲ ਸਿੰਘ ਖਹਿਰਾ ਦੀ ਵਿਧਾਨਸਭਾ ਮੈਂਬਰੀ ਖਤਮ ਕਰਨ ਵੱਲ ਕਦਮ ਵਧਾ ਹੀ ਦਿੱਤਾ ਗਿਆ ਹੈ। ਬੁੱਧਵਾਰ ਨੂੰ ਵਿਧਾਇਕ ਮਾਸਟਰ ਬਲਦੇਵ ਸਿੰਘ ਵੱਲੋਂ ਵੀ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਪਾਰਟੀ 'ਚ ਹਲਚਲ ਵਧੀ ਅਤੇ ਦੇਰ ਸ਼ਾਮ ਲਗਭਗ ਸੱਤ ਵਜੇ ਵਿਧਾਨਸਭਾ ਸਪੀਕਰ ਨਾਲ ਮੁਲਾਕਾਤ ਕਰਕੇ ਪਾਰਟੀ ਵੱਲੋਂ ਅਧਿਕਾਰਤ ਸੂਚਨਾ ਇਕ ਪੱਤਰ ਦੇ ਜ਼ਰੀਏ ਦਿੱਤੀ ਗਈ।
ਵਿਰੋਧੀ ਧਿਰ ਦੇ ਹਰਪਾਲ ਸਿੰਘ ਚੀਮਾ ਵੱਲੋਂ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੂੰ ਸੌਂਪੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਵਲੋਂ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਸੀ। 8 ਜਨਵਰੀ ਨੂੰ ਸੁਖਪਾਲ ਸਿੰਘ ਖਹਿਰਾ ਵੱਲੋਂ ਪਾਰਟੀ ਤੋਂ ਖੁਦ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਸਬੰਧ 'ਚ ਪਾਰਟੀ ਨੂੰ ਸੂਚਨਾ ਦੇਣ ਦੇ ਨਾਲ-ਨਾਲ ਖਹਿਰਾ ਵੱਲੋਂ ਮੀਡੀਆ 'ਚ ਵੀ ਖੱਲ੍ਹੇਆਮ ਇਸ ਦਾ ਐਲਾਨ ਕੀਤਾ ਗਿਆ ਸੀ। 'ਆਪ' ਆਗੂ ਨੇ ਸਪੀਕਰ ਤੋਂ ਮੰਗ ਕੀਤੀ ਹੈ ਕਿ ਖਹਿਰਾ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਅਤੇ ਨਵੀਂ ਪਾਰਟੀ ਦਾ ਗਠਨ ਕਰਨ ਤੋਂ ਬਾਅਦ ਹੁਣ ਉਨ੍ਹਾਂ ਖਿਲਾਫ ਸੰਵਿਧਾਨ ਦੀ ਧਾਰਾ 10 ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਪੰਜਾਬ ਵਿਧਾਨਸਭਾ ਦੀ ਮੈਂਬਰੀ ਤੋਂ ਅਯੋਗ ਐਲਾਨ ਦੇ ਹੋਏ ਉਨ੍ਹਾਂ ਨੂੰ ਮਿਲਣ ਵਾਲੇ ਵਿਸ਼ੇਸ਼ ਅਧਿਕਾਰ ਅਤੇ ਹੋਰ ਸਹੂਲਤਾਂ ਖਤਮ ਕਰ ਦਿੱਤੀਆਂ ਜਾਣ।