ਮੁੰਡਾ ਮੇਰਾ ਬਾਗੀ, ਜੇ ਅਕਾਲੀ ਦਲ ਵੱਲੋਂ ਚੋਣ ਲੜਿਆ ਤਾਂ ਨਹੀਂ ਕਰਾਂਗਾ ਕੰਪੇਨ : ਸੁਖਦੇਵ ਢੀਂਡਸਾ

Tuesday, Apr 02, 2019 - 02:15 PM (IST)

ਮੁੰਡਾ ਮੇਰਾ ਬਾਗੀ, ਜੇ ਅਕਾਲੀ ਦਲ ਵੱਲੋਂ ਚੋਣ ਲੜਿਆ ਤਾਂ ਨਹੀਂ ਕਰਾਂਗਾ ਕੰਪੇਨ : ਸੁਖਦੇਵ ਢੀਂਡਸਾ

ਪਟਿਆਲਾ (ਜੋਸਨ)- ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ  ਢੀਂਡਸਾ ਨੇ ਆਖਿਆ  ਕਿ ਜੇਕਰ ਉਨ੍ਹਾਂ ਦਾ ਮੁੰਡਾ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ  ਅਕਾਲੀ ਦਲ ਲਈ ਲੋਕ ਸਭਾ ਚੋਣ ਲੜਦਾ ਹੈ ਤਾਂ ਉਹ ਉਸ ਲਈ ਚੋਣ ਕੰਪੇਨ ਨਹੀਂ  ਕਰਨਗੇ। ਸ. ਢੀਂਡਸਾ ਅੱਜ ਇੱਥੇ ਪਿੰਡ ਟੌਹੜਾ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ  ਬਰਸੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ. ਢੀਂਡਸਾ ਨੇ  ਆਖਿਆ ਕਿ ਉਨ੍ਹਾਂ  ਦੇ ਆਪਣੇ ਮੁੰਡੇ ਪਰਮਿੰਦਰ ਢੀਂਡਸਾ ਨਾਲ ਮਤਭੇਦ ਬਣੇ ਹੋਏ ਹਨ।  ਅੱਜਕਲ ਉਨ੍ਹਾਂ ਦਾ ਮੁੰਡਾ ਬਾਗੀ ਹੋ ਗਿਆ ਹੈ। ਸ. ਢੀਂਡਸਾ ਨੇ ਆਖਿਆ ਕਿ ਅਕਾਲੀ ਦਲ ਲਈ ਤਾਂ  ਚੋਣ ਪ੍ਰਚਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਹੋਰ ਵੀ ਕਿਸੇ ਪਾਰਟੀ ਲਈ ਚੋਣ ਪ੍ਰਚਾਰ ਨਹੀਂ ਕਰਨਗੇ। 

ਸੁਖਦੇਵ ਸਿੰਘ  ਢੀਂਡਸਾ ਨੇ ਆਖਿਆ ਕਿ ਅਕਾਲੀ ਦਲ ਦਾ ਪ੍ਰਧਾਨ ਲੋਕਾਂ ਦੀ ਵੋਟ ਰਾਏ ਤੋਂ ਬਾਅਦ  ਹੀ ਬਣਨਾ ਚਾਹੀਦਾ ਹੈ। ਜਦੋਂ ਪੰਥਕ ਪਾਰਟੀ ਦਾ ਪ੍ਰਧਾਨ ਲੋਕ ਰਾਏ ਤੇ  ਸਮੁੱਚੇ ਨੇਤਾਵਾਂ ਦੀ ਮਰਜ਼ੀ ਨਾਲ ਬਣੇਗਾ ਤਾਂ ਫਿਰ ਅਕਾਲੀ ਦਲ ਨੂੰ ਕੋਈ ਚੈਲੰਜ  ਨਹੀਂ ਹੋਵੇਗਾ। ਉਨ੍ਹਾਂ ਖੁੱਲ੍ਹੇਆਮ ਆਖਿਆ ਕਿ ‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ. ਪ੍ਰਕਾਸ਼ ਸਿੰਘ  ਬਾਦਲ ਵਿਚਕਾਰ ਦੂਰੀਆਂ ਕੁੱਝ ਚਾਪਲੂਸਾਂ ਨੇ ਪਵਾਈਆਂ ਸਨ। ਉਹ ਚਾਪਲੂਸ ਅੱਜ ਵੀ ਪਾਰਟੀ  ਨੂੰ ਢਾਅ ਲਾ ਰਹੇ ਹਨ। ਜਥੇਦਾਰ ਟੌਹੜਾ ਨੇ ਤਾਂ ਸਿਰਫ ਇੰਨਾ ਹੀ ਕਿਹਾ  ਸੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਕੋਲ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦਾ ਵਜ਼ਨ  ਜ਼ਿਆਦਾ ਹੈ ਤਾਂ ਉਹ ਇਕ ਐਕਟਿੰਗ ਪ੍ਰਧਾਨ ਬਣਾ ਲੈਣ। ਭਾਵੇਂ ਉਹ ਉਨ੍ਹਾਂ ਦਾ  ਖਾਸ ਹੀ ਨੇਤਾ ਕਿਉਂ ਨਾ ਹੋਵੇ? ਕੁੱਝ ਚਾਪਲੂਸਾਂ ਨੇ ਇਸ ਮੁੱਦੇ ਨੂੰ  ਇੰਨਾ ਵੱਡਾ ਕਰ  ਦਿੱਤਾ ਕਿ ਅਕਾਲੀ ਦਲ ਨੂੰ ਸਰਕਾਰ ਗੁਆਉਣੀ ਪਈ। ਉਨ੍ਹਾਂ ਆਖਿਆ ਕਿ ਕੁੱਝ ਲੋਕਾਂ ਨੇ ਮੇਰੇ  ਅਤੇ ਜਥੇਦਾਰ ਟੌਹੜਾ ਵਿਚਕਾਰ ਵੀ ਮਤਭੇਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਆਪਣੀ ਸਾਰੀ  ਸਥਿਤੀ ਉਸ ਸਮੇਂ ਜਥੇਦਾਰ ਟੌਹੜਾ ਨੂੰ ਸਪੱਸ਼ਟ ਕੀਤੀ ਸੀ। ਬਾਅਦ  ’ਚ ਜਥੇਦਾਰ ਟੌਹੜਾ  ਸਾਰੀ ਜ਼ਿੰਦਗੀ ਮੈਨੂੰ ਛੋਟੇ ਭਰਾ ਵਾਂਗ ਪਿਆਰ ਕਰਦੇ ਰਹੇ।  

ਮੈਂ ਜਥੇਦਾਰ ਟੌਹੜਾ ਨੂੰ ਪਾਰਟੀ ’ਚੋਂ ਕੱਢਣ ਦੇ ਸਖਤ ਖਿਲਾਫ ਸੀ-ਸੁਖਦੇਵ  ਸਿੰਘ ਢੀਂਡਸਾ ਨੇ ਆਖਿਆ ਕਿ ਜਥੇਦਾਰ ਟੌਹੜਾ ਦੇ ਬਿਆਨ ਤੋਂ ਬਾਅਦ ਮੈਨੂੰ ਸ.  ਬਾਦਲ ਦਾ ਫੋਨ ਆਇਆ ਸੀ ਕਿ ਉਹ ਅੱਜ ਹੀ ਚੰਡੀਗੜ੍ਹ ਪੁੱਜਣ। ਮੈਂ ਉਸ ਸਮੇਂ ਲੋਕ ਸਭਾ ਦਾ  ਸੈਸ਼ਨ ਹੋਣ ਕਾਰਨ ਬੇਹੱਦ ਰੁੱਝਿਆ  ਹੋਇਆ ਸੀ। ਸ. ਬਾਦਲ ਨੇ ਜਦੋਂ ਮੈਨੂੰ ਮੁੱਦਾ ਦੱਸਿਆ ਤਾਂ  ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਕੋਰ ਕਮੇਟੀ ਦੀ ਮੀਟਿੰਗ ’ਚ ਕੋਈ ਵੀ ਜਲਦਬਾਜ਼ੀ ’ਚ ਫੈਸਲਾ ਨਾ ਕੀਤਾ ਜਾਵੇ। ਜਥੇਦਾਰ ਟੌਹੜਾ ਨੂੰ ਕੱਢਣ ਦੇ ਫੈਸਲੇ ਦਾ ਮੈਂ ਸਖਤ  ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਵੀ ਪਾਰਟੀ ਨੇ ਫੈਸਲਾ  ਲੈ ਲਿਆ। ਇਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਲੰਬਾ ਸਮਾਂ ਭੁਗਤਣਾ ਪਿਆ।


author

Bharat Thapa

Content Editor

Related News