ਸੁਖਬੀਰ ‘ਬਲੂੰਗਡ਼ੇ’ ਤੋਂ ‘ਬਾਘਡ਼ ਬਿੱਲਾ’ ਬਣ ਗਿਆ : ਅਮਰਿੰਦਰ
Thursday, May 09, 2019 - 11:57 AM (IST)

ਪਟਿਆਲਾ, (ਰਾਜੇਸ਼)— ਜਿਉਂ-ਜਿਉਂ ਲੋਕ ਸਭਾ ਚੋਣਾਂ ਆਖਰੀ ਪਡ਼ਾਅ ਵੱਲ ਪਹੁੰਚ ਰਹੀਆਂ ਹਨ, ਨੇਤਾਵਾਂ ਦੀ ਤਲਖੀ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ ਪਟਿਆਲਾ ਲੋਕ ਸਭਾ ਹਲਕੇ ਦੇ ਸਮਾਣਾ ਵਿਧਾਨ ਸਭਾ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਆਪਣੇ 2002 ਵਾਲੇ ਤਾਅ ਵਿਚ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹੁਣ ‘ਬਲੂੰਗਡ਼ੇ’ ਤੋਂ ‘ਬਾਘਡ਼ ਬਿੱਲਾ’ ਬਣ ਗਿਆ ਹੈ। 10 ਸਾਲ ਸੱਤਾ ਵਿਚ ਰਹਿ ਕੇ ਉਸ ਨੇ ਕਾਫੀ ਮਾਲ ਛਕ ਕੇ ਆਪਣੀ ‘ਗੋਗਡ਼’ ਵਧਾ ਲਈ ਹੈ।
ਸਮਾਣਾ ਹਲਕੇ ਦੇ ਵਿਧਾਇਕ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਇਸ ਰੈਲੀ ਵਿਚ ਬਾਦਲਾਂ ’ਤੇ ਤਾਬਡ਼ਤੋਡ਼ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਰਾਜ ਸਤਾ ਕਾਇਮ ਰੱਖਣ ਲਈ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਗਵਤ ਗੀਤਾ, ਕੁਰਾਨ ਸ਼ਰੀਫ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਤਾਂ ਜੋ ਭਾਈਚਾਰੇ ਆਪਸ ਵਿਚ ਲਡ਼ ਪੈਣ ਅਤੇ ਸਿੱਖ ਭਾਈਚਾਰਾ ਉਨ੍ਹਾਂ ਨੂੰ ਵੋਟਾਂ ਦੇ ਦੇਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਬੇਅਦਬੀ ਕਰਨ ਵਾਲਿਆਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਵਿਰੋਧੀ ਧਿਰ ਦਾ ਆਗੂ ਨਹੀਂ ਬਣਨ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਭੁੱਲ ਜਾਵੇ ਕਿ ਉਹ ਬੇਅਦਬੀ ਅਤੇ ਬਰਗਾਡ਼ੀ ਵਿਖੇ ਬੇਕਸੂਰ ਸਿੱਖਾਂ ਨੂੰ ਕਤਲ ਕਰ ਕੇ ਬਚ ਜਾਵੇਗਾ। ਚੋਣ ਜ਼ਾਬਤਾ ਖਤਮ ਹੁੰਦੇ ਹੀ ਕੁੰਵਰ ਵਿਜੇ ਪ੍ਰਤਾਪ ਨੂੰ ਫਿਰ ਤੋਂ ਸਿਟ ਦਾ ਮੈਂਬਰ ਲਾ ਕੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਬਾਦਲ ਪਰਿਵਾਰ ਨੇ ਸਿੱਖ ਭਾਵਨਾਵਾਂ ਦਾ ਕਤਲ ਕੀਤਾ ਹੈ। ਇਸ ਕਰ ਕੇ ਇਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ।