5 ਜੂਨ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਦਰਿਆਣੀ ਪਾਣੀਆਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਅਹਿਮ ਬਿਆਨ

06/02/2023 5:55:15 PM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹਰਿਆਣਾ ਦਾ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਰਾਵੀ-ਬਿਆਸ ਦਰਿਆਵਾਂ ਦੇ ਪਾਣੀਆਂ ’ਤੇ ਕੋਈ ਹੱਕ ਨਹੀਂ ਬਣਦਾ ਕਿਉਂਕਿ ਉਹ ਇਕ ਗੈਰ ਰਾਈਪੇਰੀਅਨ ਸੂਬੇ ਹੈ। ਹਿਮਾਚਲ ਪ੍ਰਦੇਸ਼ ਕਿਸੇ ਵੀ ਗੈਰ ਰਾਈਪੇਰੀਅਨ ਸੂਬੇ ਨੂੰ ਦਰਿਆਈ ਪਾਣੀ ਦੇਣ ਦੀ ਗੱਲ ਉਦੋਂ ਤੱਕ ਨਾ ਕਰੇ ਜਦੋਂ ਤੱਕ ਜਿਹੜੇ ਸੂਬਿਆਂ ਵਿਚੋਂ ਇਹ ਦਰਿਆ ਲੰਘਦੇ ਹਨ, ਉਹ ਸਹਿਮਤੀ ਨਹੀਂ ਦਿੰਦੇ। ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਨੂੰ ਸਿੱਧਾ ਨਹਿਰ ਰਾਹੀਂ ਪਾਣੀ ਦੇਣ ਦਾ ਸਮਝੌਤਾ 5 ਜੂਨ ਨੂੰ ਪ੍ਰਵਾਨ ਚੜ੍ਹਨ ਬਾਰੇ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਇਕ ਹੋਰ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਅਸੀਂ ਇਹ ਕਿਸੇ ਕੀਮਤ ’ਤੇ ਸਫ਼ਲ ਨਹੀਂ ਹੋਣ ਦੇਵਾਂਗੇ।

ਇਹ ਵੀ ਪੜ੍ਹੋ- ਸੇਵਾ ਕੇਂਦਰਾਂ ਦੇ ਕੰਮ 'ਚ ਆਵੇਗੀ ਹੋਰ ਤੇਜ਼ੀ, ਹੁਣ ਪੰਜਾਬੀਆਂ ਨੂੰ ਘਰ ਬੈਠਿਆ ਨੂੰ ਮਿਲੇਗੀ ਇਹ ਸਹੂਲਤ

ਦੱਸ ਦੇਈਏ ਕਿ 5 ਜੂਨ ਨੂੰ 4 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਪਾਣੀ ਦੇ ਮੁੱਦੇ 'ਤੇ ਕੇਂਦਰ ਨਾਲ ਦਿੱਲੀ ਅਹਿਮ ਬੈਠਕ ਹੋਵੇਗੀ। ਇਸ ਬੈਠਕ ਵਿਚ ਕੇਸਾਊ ਬੰਨ੍ਹ ਦੀ ਉਸਾਰੀ, ਦਾਦੂਪੁਰ ਤੋਂ ਹਮੀਦਾ ਹੈੱਡ ਦੇ ਨਵੇਂ ਲਿੰਕ ਚੈਨਲ ਦੀ ਉਸਾਰੀ, ਸਰਸਵਤੀ ਨਦੀ ਨੂੰ ਮੁੜ ਸੁਰਜੀਤ ਕਰਨ ਅਤੇ ਵਿਰਾਸਤੀ ਵਿਕਾਸ ਪ੍ਰਾਜੈਕਟ, ਸਤਲੁਜ-ਯਮੁਨਾ ਲਿੰਕ ਨਹਿਰ (SYL) ਦਾ ਪਾਣੀ ਨੂੰ ਵਾਇਆ ਹਿਮਾਚਲ ਪ੍ਰਦੇਸ਼ ਰਾਹੀਂ ਲਿਆਉਣ, ਬਿਜਲੀ ’ਤੇ ਸੈੱਸ ਲਗਾਉਣ ਵਰਗੇ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਬੈਠਕ ਵਿਚ ਦਿੱਲੀ, ਰਾਜਸਥਾਨ, ਯੂ.ਪੀ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਬੈਠਕ ਦੀ ਪ੍ਰਧਾਨਗੀ ਕੇਂਦਰੀ ਜਲ ਮੰਤਰੀ ਗਜੇਂਦਰ ਸ਼ੇਖਾਵਤ ਕਰਨਗੇ।

ਇਹ ਵੀ ਪੜ੍ਹੋ-  ਕੈਨੇਡਾ ਦਾ ਵੀਜ਼ਾ ਲੱਗਣ ਦੇ ਚਾਅ 'ਚ ਦਿੱਤੇ 27 ਲੱਖ, ਸੱਚ ਸਾਹਮਣੇ ਆਉਣ 'ਤੇ ਹੱਕਾ-ਬੱਕਾ ਰਹਿ ਗਿਆ ਨੌਜਵਾਨ

ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਰਿਆਈ ਪਾਣੀਆਂ ਦੇ ਸਾਂਝੇ ਮਾਲਕ ਹਨ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ ਤੇ ਪੰਜਾਬ ਵਿਚੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਜਿਸ ਸੂਬੇ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ, ਉਹ ਹੇਠਲੇ ਸੂਬੇ ਜਿਥੋਂ ਦਰਿਆ ਲੰਘਦਾ ਹੈ, ਦੀ ਸਹਿਮਤੀ ਤੋਂ ਬਗੈਰ ਇਹ ਪਾਣੀ ਨਹੀਂ ਦੇ ਸਕਦਾ। ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਿਮਾਚਲ ਤੋਂ ਹਰਿਆਣਾ ਨੂੰ ਦਰਿਆਈ ਪਾਣੀ ਦੇਣ ਬਾਰੇ ਕਿਸੇ ਵੀ ਤਰੀਕੇ ਦੀ ਗੱਲਬਾਤ ਨਾ ਕਰਨ। ਉਨ੍ਹਾਂ ਕਿਹਾ ਕਿ ਹਿਮਾਚਲ ਪੰਜਾਬ ਦੀ ਸਹਿਮਤੀ ਤੋਂ ਬਗੈਰ ਕਿਸੇ ਗੈਰ ਰਾਈਪੇਰੀਅਨ ਸੂਬੇ ਨੂੰ ਪਾਣੀ ਨਹੀਂ ਦੇ ਸਕਦਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐੱਸ. ਵਾਈ. ਐੱਲ. ਨਹਿਰ ਦੀ ਜ਼ਮੀਨ ਉਨ੍ਹਾਂ ਦੇ ਅਸਲ ਮਾਲਕ ਕਿਸਾਨਾਂ ਨੂੰ ਵਾਪਸ ਦੇਣ ਤੋਂ ਬਾਅਦ ਇਹ ਮੁੱਦਾ ਖ਼ਤਮ ਹੋ ਗਿਆ ਸੀ ਤੇ ਹੁਣ ਇਸਨੂੰ ਮੁੜ ਖੋਲ੍ਹਣ ਨਾਲ ਪੁਰਾਣੇ ਜ਼ਖ਼ਮੀ ਮੁੜ ਰਿਸ ਪੈਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਅੰਤਰ ਰਾਜੀਵ ਤੇ ਅੰਤਰ ਲੋਕ ਟਕਰਾਅ ਸ਼ੁਰੂ ਹੋਵੇਗਾ, ਜੋ ਖਿੱਤੇ ਵਿਚਲੀ ਸ਼ਾਂਤੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News