ਆਰਥਿਕ ਤੰਗੀ ਕਾਰਨ ਕੀਤੀ ਆਤਮਹੱਤਿਆ

Sunday, Sep 30, 2018 - 06:51 AM (IST)

ਆਰਥਿਕ ਤੰਗੀ ਕਾਰਨ ਕੀਤੀ ਆਤਮਹੱਤਿਆ

 ਸਾਹਨੇਵਾਲ/ਕੁਹਾਡ਼ਾ, (ਜ.ਬ., ਸੰਦੀਪ)- ਕਟਾਣੀ ਕਲਾਂ ’ਚ ਆਰਥਿਕ ਤੌਰ ’ਤੇ ਟੁੱਟੇ ਹੋਏ ਇਕ ਵਿਅਕਤੀ ਵਲੋਂ ਆਪਣੇ ਘਰ ਦੇ ਕਮਰੇ ’ਚ ਲੱਗੇ ਹੋਏ ਗਾਰਡਰ ਨਾਲ ਚੁੰਨੀ ਦੇ ਸਹਾਰੇ ਲਟਕ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਅਦ ਚੌਕੀ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਜਾਂਚ ਸ਼ੁਰੂ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਦੇਵ ਸਿੰਘ (35) ਪੁੱਤਰ ਉਜਾਗਰ ਸਿੰਘ ਵਜੋਂ ਹੋਈ ਹੈ। ਬਲਦੇਵ ਕਟਾਣੀ ਕਲਾਂ ਦੇ ਅੱਡੇ ’ਚ ਕਿਰਾਏ ’ਤੇ ਵੈਲਡਿੰਗ ਦੀ ਦੁਕਾਨ ਕਰਦਾ ਸੀ ਪਰ ਉਹ ਆਰਥਿਕ ਤੌਰ  ’ਤੇ ਕਾਫੀ ਕਮਜ਼ੋਰ ਸੀ। ਇਸੇ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਕਾਫੀ ਪ੍ਰੇਸ਼ਾਨ ਰਹਿੰਦਾ ਸੀ  ਤੇ ਉਸ ਨੇ ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੇ ਘਰ ’ਚ ਗਾਰਡਰ ਦੇ ਨਾਲ ਚੁੰਨੀ ਦੇ ਸਹਾਰੇ ਲਟਕ ਕੇ ਆਤਮਹੱਤਿਆ ਕਰ ਲਈ, ਉਸ  ਵੇਲੇ ਉਸ ਦੀ ਪਤਨੀ ਘਰ ’ਚ ਨਹੀਂ ਸੀ। 
 ਪਤਨੀ ਤੇ ਚਾਰ ਬੱਚੇ ਹੋਏ ਯਤੀਮ  
 ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਵਿਆਹ 2006 ’ਚ ਕੁਲਦੀਪ ਕੌਰ ਨਾਲ ਹੋਇਆ ਸੀ, ਜਿਨ੍ਹਾਂ ਦੇ ਤਿੰਨ ਲਡ਼ਕੀਆਂ ਤੇ ਇਕ ਲਡ਼ਕਾ ਸੀ। ਮ੍ਰਿਤਕ ਪੈਸੇ ਦੇ ਲੈਣ-ਦੇਣ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਜੋ ਪਿਛਲੇ ਕੁਝ ਦਿਨਾਂ ਤੋਂ ਲੋਨ ਲੈ ਕੇ ਆਪਣਾ ਕੰਮ-ਕਾਰ ਸਹੀ ਕਰਨ ਬਾਰੇ ਸੋਚ ਰਿਹਾ ਸੀ। ਇਸੇ ਕਾਰਨ ਉਸ ਨੇ ਖੁਦ ਦੀ ਜੀਵਨ ਲੀਲਾ ਸਮਾਪਤ ਕਰ ਕੇ ਸਾਰੀਆਂ ਮੁਸ਼ਕਿਲਾਂ ਤੋਂ ਨਿਜਾਤ ਪਾ ਲਈ। ਚੌਕੀ ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ। 
 


Related News