ਸਰਟੀਫਿਕੇਟਾਂ ’ਚ ਗਲਤੀ ਯੂਨੀਵਰਸਿਟੀ ਪੱਧਰ ’ਤੇ ਹੋਈ ਤਾਂ ਵਿਦਿਆਰਥੀਆਂ ਨੂੰ ਨਹੀਂ ਭਰਨੀ ਪਵੇਗੀ ਕੋਈ ਫੀਸ : ਕੰਟਰੋਲਰ

04/01/2022 11:18:12 AM

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬੀ ਯੂਨੀਵਰਸਿਟੀ ਦੀ ਸਭ ਤੋਂ ਅਹਿਮ ਐਗਜ਼ਾਮੀਨੇਸ਼ਨ ਬ੍ਰਾਂਚ ਨੂੰ ਚੁਸਤ-ਦਰੁਸਤ ਕਰਨ ਲਈ ਨਵੇਂ ਨਿਯੁਕਤ ਕੀਤੇ ਗਏ ਕੰਟਰੋਲ ਐਗਜ਼ਾਮੀਨੇਸ਼ਨ ਡਾ. ਗੁਰਚਰਨ ਸਿੰਘ ਨੇ ਐਗਜ਼ਾਮੀਨੇਸ਼ਨ ਬ੍ਰਾਂਚ ਦੀ ਲਗਾਤਾਰ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਡਿਪਟੀ ਰਜਿਸਟਰਾਰ ਧਰਮਪਾਲ ਗਰਗ ਨੂੰ ਨਾਲ ਲੈ ਕੇ ਲਗਾਤਾਰ ਸਵੇਰੇ-ਸ਼ਾਮ ਵੱਖ-ਵੱਖ ਬ੍ਰਾਂਚਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਡਾ. ਗੁਰਚਰਨ ਸਿੰਘ ਨੇ ਲੇਟ ਲਤੀਫ ਆਉਣ ਵਾਲੇ ਮੁਲਾਜ਼ਮਾਂ ਅਤੇ ਨਿਰਧਾਰਿਤ ਸਮੇਂ ’ਤੇ ਕੰਮ ਮੁਕੰਮਲ ਨਾ ਕਰਨ ਵਾਲੇ ਮੁਲਾਜ਼ਮਾਂ ’ਤੇ ਸ਼ਿਕੰਜਾ ਕਸ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਕਿਸੇ ਵੀ ਸਮੇਂ ਐਗਜ਼ਾਮੀਨੇਸ਼ਨ ਬ੍ਰਾਂਚ ਦੇ ਕਿਸੇ ਵੀ ਸੈੱਟ ਦੀ ਚੈਕਿੰਗ ਕਰ ਸਕਦੇ ਹਨ। ਮੁਲਾਜ਼ਮਾਂ ਨੂੰ ਕਿਹਾ ਕਿ ਉਹ ਸਹੀ ਸਮੇਂ ’ਤੇ ਡਿਊਟੀ ’ਤੇ ਹਾਜ਼ਰ ਹੋਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਸਮੱਸਿਆ ਨਾ ਆਉਣ ਦਿੱਤੀ ਜਾਵੇ ਅਤੇ ਜੋ ਵੀ ਵਿਦਿਆਰਥੀ ਐਗਜ਼ਾਮੀਨੇਸ਼ਨ ਬ੍ਰਾਂਚ ’ਚ ਆਉਣ, ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕੁਰਸੀ ਦਿੱਤੀ ਜਾਵੇ ਅਤੇ ਪਾਣੀ ਪਿਲਾਇਆ ਜਾਵੇ, ਉਸ ਤੋਂ ਬਾਅਦ ਵਿਦਿਆਰਥੀ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਹੁਣ ਸਾਲ 'ਚ 7 ਵਾਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਜਾ ਸਕਣਗੇ ਸਿੱਖ ਸ਼ਰਧਾਲੂ

ਉਨ੍ਹਾਂ ਸਮੁੱਚੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਸਰਟੀਫਿਕੇਟ ’ਚ ਯੂਨੀਵਰਸਿਟੀ ਪੱਧਰ ’ਤੇ ਕੋਈ ਗਲਤੀ ਹੋਈ ਹੈ ਤਾਂ ਉਸ ’ਚ ਵਿਦਿਆਰਥੀ ਤੋਂ ਸੋਧ ਕਰਨ ਲਈ ਕੋਈ ਫੀਸ ਨਾ ਲਵੇ ਜਾਵੇ ਅਤੇ ਯੂਨੀਵਰਸਿਟੀ ਆਪਣੇ ਪੱਧਰ ’ਤੇ ਸੋਧ ਕਰੇ। ਜੇਕਰ ਕੋਈ ਕਰਮਚਾਰੀ ਵਾਰ-ਵਾਰ ਗਲਤੀਆਂ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ। ਇਸ ਤੋਂ ਪਹਿਲਾਂ ਵਿਦਿਆਰਥੀ ਇਸ ਕਾਰਨ ਤੰਗ ਸਨ ਕਿ ਗਲਤੀ ਯੂਨੀਵਰਸਿਟੀ ਦੀ ਹੁੰਦੀ ਹੈ ਪਰ ਸਰਟੀਫਿਕੇਟ ’ਚ ਸੋਧ ਕਰਵਾਉਣ ਲਈ ਉਨ੍ਹਾਂ ਤੋਂ ਫੀਸ ਭਰਵਾਈ ਜਾਂਦੀ ਹੈ, ਜਿਸ ਕਰ ਕੇ ਹੀ ਉਨ੍ਹਾਂ ਇਹ ਸਖਤ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਕਰ ਕੇ ਹੈ ਅਤੇ ਵਿਦਿਆਰਥੀਆਂ ਲਈ ਹੀ ਬਣੀ ਹੈ। ਐਗਜ਼ਾਮੀਨੇਸ਼ਨ ਯੂਨੀਵਰਸਿਟੀ ਦੀ ਸਭ ਤੋਂ ਅਹਿਮ ਬ੍ਰਾਂਚ ਹੈ। ਵਿਦਿਆਰਥੀਆਂ ਨੂੰ ਸਭ ਤੋਂ ਵੱਧ ਕੰਮ ਇਸ ਬ੍ਰਾਂਚ ਨਾਲ ਹੀ ਪੈਂਦੇ ਹਨ। ਇਸ ਲਈ ਕਰਮਚਾਰੀ ਅਤੇ ਅਧਿਕਾਰੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਅਤੇ ਵਿਦਿਆਰਥੀਆਂ ਦੀ ਖੱਜਲ-ਖੁਆਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ

ਬ੍ਰਾਂਚ ਨੂੰ ਸੌ ਫੀਸਦੀ ਕੀਤਾ ਜਾਵੇਗਾ ਡਿਜੀਟਲ

ਨਵੇਂ ਬਣੇ ਕੰਟਰੋਲਰ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਮੌਜੂਦਾ ਯੁੱਗ ਡਿਜੀਟਲ ਦਾ ਹੈ। ਲਿਹਾਜ਼ਾ ਐਗਜ਼ਾਮੀਨੇਸ਼ਨ ਬ੍ਰਾਂਚ ਦੀ ਡਿਜੀਟਲਾਈਜੇਸ਼ਨ ਦਾ ਕੰਮ ਤੇਜ਼ ਕੀਤਾ ਜਾਵੇ। ਆਉਣ ਵਾਲੇ ਸਮੇਂ ’ਚ ਸੌ ਫੀਸਦੀ ਡਿਜੀਟਲ ਕੀਤਾ ਜਾਵੇਗਾ। ਵਿਦਿਆਰਥੀ ਆਪਣਾ ਸਰਟੀਫਿਕੇਟ, ਡਿਟੇਲ ਮਾਰਕਸ ਕਾਰਡ ਆਨਲਾਈਨ ਅਪਲਾਈ ਕਰ ਸਕਣਗੇ। ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਜੋ ਸਰਟੀਫਿਕੇਟ ਅਤੇ ਡੀ. ਐੱਮ. ਸੀ. ਬਾਏ ਪੋਸਟ ਭੇਜੇ ਜਾਂਦੇ ਸਨ, ਉਨ੍ਹਾਂ ਦਾ ਪਹੁੰਚਣਾ ਹਰ ਹਾਲਤ ’ਚ ਯਕੀਨੀ ਬਣਾਇਆ ਜਾਵੇ।

ਬ੍ਰਾਂਚ ਦੇ ਏ. ਸੀ. ਅਤੇ ਪੱਖੇ ਠੀਕ ਕਰਨ ਦੇ ਹੁਕਮ

ਚੈਕਿੰਗ ਦੌਰਾਨ ਜਦੋਂ ਕੁਝ ਮੁਲਾਜ਼ਮਾਂ ਨੇ ਬ੍ਰਾਂਚ ਦੇ ਪੱਖੇ ਅਤੇ ਏ. ਸੀ. ਖਰਾਬ ਹੋਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਸਭ ਕੁਝ ਠੀਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਨੂੰ ਕੋਈ ਸਮੱਸਿਆ ਹੈ ਤਾਂ ਉਹ ਲਿਖਤ ’ਚ ਭੇਜਣ। ਜੇਕਰ ਕਿਸੇ ਵੀ ਬ੍ਰਾਂਚ ਦੀ ਕੋਈ ਮੰਗ ਹੈ ਤਾਂ ਸਮੇਂ ਸਿਰ ਉਹ ਮੰਗ ਕੰਟਰੋਲਰ ਦਫ਼ਤਰ ਵਿਖੇ ਭੇਜੀ ਜਾਵੇ। ਅਜਿਹਾ ਨਾ ਕੀਤਾ ਜਾਵੇ ਕਿ ਸਾਮਾਨ ਖਤਮ ਹੋਣ ਤੋਂ ਬਾਅਦ ਹੀ ਉਸ ਦੀ ਮੰਗ ਕੀਤੀ ਜਾਵੇ। ਪਹਿਲਾਂ ਹੀ ਉਹ ਸਾਮਾਨ ਖਰੀਦਣ ਲਈ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਪ੍ਰਪੋਜ਼ਲ ਬਣਾ ਕੇ ਕੰਟਰੋਲਰ ਦਫ਼ਤਰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੇ ਮਸਲੇ ਵੀ ਹੱਲ ਕੀਤੇ ਜਾਣਗੇ ਅਤੇ ਐਗਜ਼ਾਮੀਨੇਸ਼ਨ ਬ੍ਰਾਂਚ ਦੀਆਂ ਸਮੁੱਚੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News