ਨਾੜ ਨੂੰ ਅੱਗ ਲਾਉਣ ਕਾਰਨ ਲੱਖਾਂ ਰੁਪਏ ਦੀ ਤੂੜੀ ਸੜ ਕੇ ਹੋਈ ਸੁਆਹ
Monday, May 04, 2020 - 05:46 PM (IST)
ਫਿਰੋਜ਼ਪੁਰ (ਮਲਹੋਤਰਾ)-ਜ਼ਿਲਾ ਮੈਜਿਸਟਰੇਟ ਵੱਲੋਂ ਲਗਾਈ ਗਈ ਰੋਕ ਦੇ ਬਾਵਜੂਦ ਇੱਕ ਕਿਸਾਨ ਨੇ ਆਪਣੇ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਤਲਵੰਡੀ-ਫਰੀਦਕੋਟ ਰੋਡ 'ਤੇ ਇਕ ਕਿਸਾਨ ਨੇ ਆਪਣੇ ਖੇਤ 'ਚ ਅੱਗ ਲਾ ਦਿੱਤੀ, ਜੋ ਕਿ ਨਾਲ ਦੇ ਖੇਤ 'ਚ ਪਹੁੰਚ ਗਏ, ਜਿੱਥੇ ਲੱਖਾਂ ਰੁਪਏ ਦੀ ਤੂੜੀ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਕਿਸਾਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਏ.ਐਸ.ਆਈ ਜੋਰਾ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਖੇਤਾਂ 'ਚ ਬਣੇ ਸ਼ੈਡ 'ਚ ਤੂੜੀ ਭਰ ਰਹੇ ਸਨ ਤਾਂ ਉਦੋਂ ਹੀ ਗੁਆਂਢੀ ਕਿਸਾਨਾਂ ਜਸਵਿੰਦਰ ਸਿੰਘ ਤੇ ਬੂਟਾ ਸਿੰਘ ਵੱਲੋਂ ਆਪਣੇ ਖੇਤਾਂ 'ਚ ਨਾੜ ਨੂੰ ਅੱਗ ਲਗਾ ਦਿੱਤੀ ਗਈ, ਜੋ ਉਨਾਂ ਦੇ ਖੇਤਾਂ 'ਚ ਤੂੜੀ ਤੱਕ ਆ ਪਹੁੰਚ ਗਈ। ਦੇਖਦਿਆਂ ਹੀ ਦੇਖਦਿਆਂ ਉਨਾਂ ਦੀ ਸਾਰੀ ਤੂੜੀ ਸੜ ਕੇ ਸੁਆਹ ਹੋ ਗਈ। ਉਸ ਨੇ ਦੱਸਿਆ ਕਿ ਇਸ ਘਟਨਾ ਨਾਲ ਉਨਾਂ ਨੂੰ ਕਰੀਬ ਛੇ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।