SSP ਨਰਿੰਦਰ ਭਾਰਗਵ ਨੇ ਲੋਕਾਂ ਦੀ ਪੀੜ ਤੇ ਬੀਮਾਰੀ ਪ੍ਰਤੀ ਜਾਗਰੂਕਤਾ ਚ ਲਿਆਂਦੀ ਚੇਤਨਾ
Monday, Apr 20, 2020 - 01:23 AM (IST)
 
            
            ਮਾਨਸਾ,(ਮਿੱਤਲ)- ਕੋਰੋਨਾ ਵਾਈਰਸ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਮਾਨਸਾ ਪੁਲਿਸ ਲੋਕਾਂ ਲਈ ਮਸੀਹਾ ਬਣ ਕੇ ਕੰਮ ਕਰ ਰਹੀ ਹੈ। ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਮਾਨਸਾ ਪੁਲਿਸ ਘਰ ਘਰ ਜਾ ਕੇ ਬੱਚੀਆਂ ਦੇ ਜਨਮ ਦਿਨ ਸਮਾਗਮ ਮਨਾਉਣ, ਕਿਸਾਨਾਂ ਦੀ ਮੰਡੀ ਚ ਵਿਕਣ ਲਈ ਭੇਜੀ ਜਾ ਰਹੀ ਫਸਲ ਤੋਂ ਇਲਾਵਾ ਲੋੜਵੰਦਾਂ ਲਈ ਰਾਸ਼ਨ ਤੇ ਪੁਲਿਸ ਜਵਾਨਾਂ ਲਈ ਡਿਊਟੀ ਪ੍ਰਤੀ ਉਤਸ਼ਾਹਿਤ ਕਰਨ ਵਾਸਤੇ ਉਨਾਂ ਨੂੰ ਵਸਤਾਂ ਮੁਹੱਈਆ ਕਰਵਾਉਣ ਚ ਅਹਿਮ ਰੋਲ ਨਿਭਾ ਰਹੀ ਹੈ।ਇਸ ਦਾ ਜਿੰਮਾ ਪੂਰੀ ਤਰਾਂ ਮਾਨਸਾ ਦੇ ਐਸਐਸਪੀ ਡਾ ਨਰਿੰਦਰ ਭਾਰਗਵ ਨੇ ਸੰਭਾਲਿਆ ਹੈ।ਇਸ ਵਿਚ ਸ਼ਹਿਰ ਦੀਆਂ ਜਥੇਬੰਦੀਆਂ ਤੇ ਪਿੰਡਾਂ ਦੀ ਪੰਚਾਇਤਾਂ ਵੀ ਉਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਹਨ।ਪੁਲਿਸ ਦੇ ਇਸ ਕਾਰਜ ਦੀ ਸ਼ੋਸ਼ਲ ਮੀਡੀਆ ਤੇ ਆਮ ਕਾਰਕੁੰਨਾਂ ਵੱਲੋਂ ਰੱਜ ਕੇ ਪ੍ਰਸੰਸਾ ਹੋ ਰਹੀ ਹੈ। 
ਜ਼ਿਕਰਯੋਗ ਹੈ ਕਿ ਕੋਰੋਨਾ ਵਾਈਰਸ ਨੂੰ ਲੈ ਕੇ ਪੂਰੇ ਦੇਸ਼ ਦੀ ਤਰਾਂ ਜ਼ਿਲਾ ਮਾਨਸਾ ਵਿਚ ਵੀ ਕਰਫਿਊ ਜਾਰੀ ਹੈ। ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਸਪੀ ਡਾ ਨਰਿੰਦਰ ਭਾਰਗਵ ਨੇ ਆਪਣੀ ਤਰਫੋਂ ਇਕ ਮੁਹਿੰਮ ਦਾ ਆਗਾਜ਼ ਕੀਤਾ ਹੋਇਆ ਹੈ। ਉਨਾਂ ਦੀ ਅਗਵਾਈ ਵਿਚ ਮਾਨਸਾ ਪੁਲਿਸ ਜ਼ਿਲੇ ਦੀ ਕਰੀਬ ਹਰ ਪੰਚਾਇਤ ਨੂੰ ਆਪਣੇ ਨਾਲ ਜੋੜ ਰਹੀ ਹੈ। ਜਿਸ ਵਲੋਂ ਲੋਕਾਂ ਨੂੰ ਕੋਰੋਨਾ ਦੀ ਬੀਮਾਰੀ ਤੋਂ ਜਾਗਰੂਕ ਕਰਨ ਦੇ ਨਾਲ ਨਾਲ ਆ ਰਹੀ ਦਿੱਕਤਾਂ ਦੂਰ ਕਰਨ ਦਾ ਤਹੱਈਆ ਵੀ ਵਿੱਢਿਆ ਹੋਇਆ ਹੈ।ਕਰਫਿਊ ਦੇ ਦਿਨਾਂ ਵਿਚ ਪੁਲਿਸ ਜਿੱਥੇ ਆਪਣੇ ਪੁਲਿਸ ਜਵਾਨਾਂ ਨੂੰ ਡਿਊਟੀ ਪ੍ਰਤੀ ਤਕੜਾ ਕਰਨ ਵਾਸਤੇ ਸਨਮਾਨਿਤ ਕਰ ਚੁੱਕੀ ਹੈ, ਉਥੇ ਉਸਨੇ ਖੇਤ ਖੇਤ, ਘਰ ਘਰ ਜਾ ਕੇ ਕਿਸਾਨਾਂ ਤੇ ਆਮ ਲੋਕਾਂ ਦੀ ਮੁਸ਼ਕਿਲ ਵੀ ਸੁਣੀ ਹੈ। ਡਾ ਭਾਰਗਵ ਨੇ ਦੱਸਿਆ ਕਿ ਕਰਫਿਊ ਦੌਰਾਨ ਇਸ ਖੇਤਰ ਦੇ ਕਿਸਾਨਾਂ ਨੂੰ ਪਹਿਲਾਂ ਆਪਣੀ ਫਸਲ ਮੰਡੀਆਂ ਵਿਚ ਲਿਜਾ ਕੇ ਵੇਚਣ ਦੀ ਦਿੱਕਤ ਆਈ,ਜਿਸ ਨੂੰ ਪੁਲਿਸ ਪਾਸ ਜਾਰੀ ਕਰਕੇ ਉਨਾਂ ਦੀ ਫਸਲ ਮਲੇਰਕੋਟਲਾ ਆਦਿ ਵੱਡੀਆਂ ਮੰਡੀਆਂ ਵਿਚ ਪਹੁੰਚਾਈ। ਉਨਾਂ ਕਿਹਾ ਕਿ ਇਸ ਵਿਚ ਪਿੰਡਾਂ ਦੀ ਪੰਚਾਇਤਾਂ ਦਾ ਵੀ ਸਹਿਯੋਗ ਲਿਆ ਗਿਆ।
ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਬੁਰਜ ਢਿੱਲਵਾਂ ਜਗਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਜਾਗਰੂਕ ਕਰਕੇ ਸਮੂਹਿਤ ਯਤਨਾਂ ਸਦਕਾ ਪਿੰਡ ਨੂੰ ਸੈਨੇਟਾਈਜ਼ਰ ਕਰਵਾਇਆ ਤੇ ਹਰ ਪਿੰਡ ਵਿਚ ਕੈਂਪ ਲਾਇਆ ਗਿਆ।ਉਨਾਂ ਕਿਹਾ ਕਿ ਪੁਲਿਸ ਨੇ ਇਸ ਸੰਕਟ ਦੀ ਘੜੀ ਵਿਚ ਇਕ ਮਾਨਵਵਾਦੀ ਭੂਮਿਕਾ ਨਿਭਾਉਂਦਿਆਂ ਹਰ ਪਹਿਲੂ ਤੇ ਕੰਮ ਕੀਤਾ,ਜਿਸ ਸਕਦਾ ਅਸੀਂ ਇਸ ਬੀਮਾਰੀ ਪ੍ਰਤੀ ਹੋਰ ਵੀ ਚੁਕੰਨੇ ਹੋ ਸਕੇ। ਉਨਾਂ ਕਿਹਾ ਕਿ ਸਰਕਾਰ ਨੂੰ ਪੁਲਿਸ ਬਲ ਹੋਰ ਤਕੜਾ ਕਰਨਾ ਚਾਹੀਦਾ ਹੈ,ਜੋ ਆਮ ਲੋਕਾਂ ਲਈ ਇਕ ਸੇਵਕ ਦਾ ਕੰਮ ਕਰ ਰਹੀ ਹੈ।ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੈਅਰਮੈਨ ਵਿਕਰਮ ਸਿੰਘ ਮੋਫਰ ਨੇ ਕਿਹਾ ਕਿ ਪੁਲਿਸ ਤੇ ਜ਼ਿਲਾ ਪ੍ਰਸਾਸ਼ਨ ਨੇ ਸਰਕਾਰ ਦੀ ਗਰੀਬਾਂ ਪ੍ਰਤੀ ਯੌਜਨਾ, ਰਾਸ਼ਨ ਵੰਡ ਪ੍ਰਣਾਲੀ ਨੂੰ ਵਧੀਆ ਤੇ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦੇ ਬੂਹੇ ਤੱਕ ਪਹੁੰਚਾਇਆ ਹੈ। ਉਨਾਂ ਕਿਹਾ ਕਿ ਦੇਸ਼ ਅੱਜ ਇਕ ਮਹਾਂਮਾਰੀ ਦੀ ਸਥਿਤੀ ਵਿਚੋਂ ਲੰਘ ਰਿਹਾ ਹੈ।ਅਜਿਹੀ ਹਾਲਤ ਵਿਚ ਮਾਨਸਾ ਪੁਲਿਸ ਨੇ ਲੋਕਾਂ ਦਾ ਦਰਦ ਨੇੜਿਓਂ ਦੇਖਿਆ ਤੇ ਪੁਲਿਸ ਕਪਤਾਨ ਨੇ ਆਪਣੀ ਡਿਊਟੀ ਤੋਂ ਪਰੇ ਹਟ ਕੇ ਵੀ ਇਨਸਾਨੀਅਤ ਪ੍ਰਤੀ ਫਰਜ਼ ਨਿਭਾਉਂਦਿਆਂ ਕੰਮ ਕਰਕੇ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ।
ਪਿੰਡ ਬੀਰੋਕੇ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਾਨਸਾ ਪੁਲਿਸ ਕਪਤਾਨ ਦਾ ਇਸ ਵਾਸਤੇ ਸਨਮਾਨ ਹੋਣਾ ਚਾਹੀਦਾ ਹੈ, ਜੋ ਹਰ ਵੇਲੇ ਤੱਤਪਰਤਾ ਨਾਲ ਲੋਕਾਂ ਵਿਚ ਜਾ ਕੇ ਉਨਾਂ ਪ੍ਰਤੀ ਇਕ ਸੰਵੇਦਨਾ ਪ੍ਰਗਟਾ ਰਹੀ ਹੈ। ਆਮ ਤੌਰ ਤੇ ਪੁਲਿਸ ਇਸ ਤਰਾਂ ਦੇ ਕਾਰਜ਼ਾਂ ਤੋਂ ਦੂਰ ਰਹਿੰਦੀ ਹੈ, ਪਰ ਮਾਨਸਾ ਦੇ ਐਸਐਸਪੀ ਡਾ ਨਰਿੰਦਰ ਭਾਰਗਵ ਨੇ ਸ਼ਿਵਲ ਪ੍ਰਸਾਸ਼ਨ ਦੀ ਤਰਾਂ ਮੁਸੀਬਤ ਦੀ ਘੜੀ ਵਿਚ ਜਿਸ ਤਰਾਂ ਦੇ ਕੰਮ ਕਰਕੇ ਇਕ ਵਧੀਆ ਸੋਚ ਦਿਖਾਈ ਹੈ, ਉਥੇ ਆਉਣ ਵਾਲੇ ਸਮੇਂ ਲਈ ਪੁਲਿਸ ਦੀ ਲੋਕਾਂ ਦੀ ਸੱਥ ਵਿਚ ਇਕ ਵਧੀਆ ਤਸਵੀਰ ਪੈਦਾ ਕੀਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            