ਐੱਸ.ਐੱਸ.ਪੀ. ਵਲੋਂ ਔਰਤਾਂ ਦੀ ਸੁਰੱਖਿਆ ਲਈ 3 ਪੁਲਸ ਵੈਨਾਂ ਰਵਾਨਾ
Saturday, Dec 07, 2019 - 11:21 AM (IST)
ਫਾਜ਼ਿਲਕਾ (ਨਾਗਪਾਲ)—ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਅਤੇ ਸੀਨੀਅਰ ਕਪਤਾਨ ਪੁਲਸ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮਹਿਲਾਵਾਂ ਦੀ ਸੁਵਿਧਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਦੀ ਸੁਰੱਖਿਆ ਲਈ ਜ਼ਿਲਾ ਪੁਲਸ ਮੁਖੀ ਨੇ 3 ਪੁਲਸ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਜ਼ਿਲਾ ਪੁਲਸ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਸੂਬਾ ਸਰਕਾਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਜ਼ਿਲਾ ਫਾਜ਼ਿਲਕਾ ਵਿਖੇ ਤਿੰਨ ਸਬ-ਹੈਡਕੁਆਟਰਜ ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਬਣਾਏ ਗਏ ਹਨ। ਹਰੇਕ ਸਬ ਹੈਡਕੁਆਟਰ 'ਤੇ ਪੁਲਸ ਵਿਭਾਗ ਵੱਲੋਂ ਇਕ-ਇਕ ਸਰਕਾਰੀ ਵੈਨ ਮੁਹੱਈਆ ਕਰਵਾਈ ਗਈ ਹੈ ਜਿਸ ਵਿਚ ਫੋਰਸ ਸਮੇਤ ਲੇਡੀਜ਼ ਸਟਾਫ ਤਾਇਨਾਤ ਕੀਤਾ ਗਿਆ ਹੈ, ਜੋ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਦੇ ਸਮੇਂ ਦੌਰਾਨ ਇਨ੍ਹਾਂ ਤਿੰਨਾ ਸਬ-ਹੈੱਡਕੁਆਟਰਜ਼ 'ਤੇ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਕੋਈ ਵੀ ਔਰਤ ਜਾਂ ਲੜਕੀ ਸਹਾਇਤਾ ਦੀ ਮੰਗ ਰਕਦੀ ਹੈ ਤਾਂ ਤਾਇਨਾਤ ਪੁਲਸ ਕਰਮਚਾਰੀਆਂ ਵੱਲੋਂ ਉਸਨੂੰ ਸੁਰੱਖਿਅਤ ਘਰ ਪਹੁੰਚਾਇਆ ਜਾਵੇਗਾ।
ਭਾਰਤ ਸਰਕਾਰ ਵੱਲੋਂ ਜਾਰੀ ਵੂਮੈਨ ਹੈਲਪਲਾਈਨ ਨੰਬਰ 1091 'ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ 'ਵੋਮੈਨ ਸੇਫਟੀ ਕਾਪਸ' ਦੇ ਨਾਲ-ਨਾਲ 'ਪਿੱਕ ਐਂਡ ਡਰੋਪਸ' ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਵੱਲੋਂ ਤਿੰਨ ਐਪਸ ਤਿਆਰ ਕੀਤੀਆ ਹੋਈਆਂ ਹਨ, ਜੋ ਕਿ ਸ਼ਕਤੀ ਐਪ, ਹਿੰਮਤ ਐਪ ਅਤੇ ਡਾਇਲ 112 ਹਨ। ਸ਼ਕਤੀ ਐਪ ਔਰਤਾਂ ਦੀ ਸੇਫਟੀ ਲਈ ਬਣਾਈ ਗਈ ਹੈ, ਜਿਸ ਨੂੰ ਐਪ ਸਟੋਰ ਤੋਂ ਡਾਊਨਲੋਡ ਕਰ ਕੇ ਵੀ ਪੁਲਸ ਦੀ ਮਦਦ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਐੱਸ.ਪੀ. ਐੱਚ ਕੁਲਦੀਪ ਸ਼ਰਮਾ, ਐੱਸ.ਪੀ. ਜਸਵੀਰ ਸਿੰਘ, ਡੀ.ਐੱਸ.ਪੀ. ਅਸ਼ੋਕ ਕੁਮਾਰ, ਨਿਰਮਲ ਸਿੰਘ, ਰਾਹੁਲ ਭਾਰਦਵਾਜ ਤੋਂ ਇਲਾਵਾ ਹੋਰ ਪੁਲਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।