ਗੁੱਟਕਾ ਸਾਹਿਬ ਦੀ ਸੁੰਹ ਖਾ ਕੇ ਮੁਕਰਨ ਵਾਲਿਆਂ ਲਈ ਵਾਅਦੇ ਤੋੜਣਾ ਵੱਡੀ ਗੱਲ ਨਹੀਂ: ਸੁਖਬੀਰ

Thursday, Apr 11, 2019 - 05:51 PM (IST)

ਗੁੱਟਕਾ ਸਾਹਿਬ ਦੀ ਸੁੰਹ ਖਾ ਕੇ ਮੁਕਰਨ ਵਾਲਿਆਂ ਲਈ ਵਾਅਦੇ ਤੋੜਣਾ ਵੱਡੀ ਗੱਲ ਨਹੀਂ: ਸੁਖਬੀਰ

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ, ਤਰਸੇਮ ਢੁੱਡੀ) - ਕਾਂਗਰਸ ਪਾਰਟੀ ਨੇ ਆਪਣੇ ਨਿੱਜੀ ਹਿੱਤਾਂ ਲਈ ਹਮੇਸ਼ਾਂ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਜੋ ਗੁੱਟਕਾ ਸਹਿਬ ਦੀ ਸੁੰਹ ਖਾ ਕੇ ਮੁਕਰ ਸਕਦਾ, ਉਸ ਲਈ ਲੋਕਾਂ ਨਾਲ ਕੀਤੇ ਵਾਅਦੇ  ਤੋੜਣਾ ਕੋਈ ਵੱਡੀ ਗੱਲ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਤੋਂ ਸਿਰਫ ਵੋਟਾਂ ਲੈਣ ਲਈ ਚੋਣਾਂ ਤੋਂ ਪਹਿਲਾਂ ਸਾਰੇ ਕਿਸਾਨੀ ਕਰਜ਼ੇ ਮੁਆਫ ਕਰਨ ਦੇ ਵਾਅਦੇ ਕੀਤੇ ਸਨ। ਜੋ ਮੁੱਖ ਮੰਤਰੀ ਆਪਣੀ ਪਰਜਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦਾ ਉਹ ਸੂਬੇ ਦਾ ਵਿਕਾਸ ਕਿਵੇਂ ਕਰ ਸਕਦਾ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦੇ ਹੱਕ 'ਚ ਪ੍ਰਚਾਰ ਦਾ ਆਗਾਜ਼ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਦੋਦਾ ਦੀ ਦਾਣਾ ਮੰਡੀ ਵਿਖੇ ਰੱਖੀ ਗਈ ਰੈਲੀ 'ਚ ਕੀਤਾ ਗਿਆ, ਜਿਸ 'ਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। 

ਇਸ ਮੌਕੇ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜਿਹੇ ਨਿਕੰਮੇ ਅਤੇ ਆਲਸੀ ਮੁੱਖ ਮੰਤਰੀ ਨੂੰ ਚਲਦਾ ਕਰਨ ਲਈ ਜੋ ਮਹਿਲਾ 'ਚੋਂ ਐਸ਼-ਪ੍ਰਸਤੀ ਛੱਡ ਕੇ ਦੋ ਸਾਲਾਂ 'ਚ ਇਕ ਵਾਰ ਵੀ ਆਪਣੇ ਲੋਕਾਂ ਦੀ ਸਾਰ ਨਹੀਂ ਲੈ ਸਕਦਾ, ਉਸ ਨੂੰ ਸੂਬੇ ਦਾ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ। ਕਾਂਗਰਸ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਉਹ ਝੂਠੀਆਂ ਅਫਵਾਹਾਂ ਬਣਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੀ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਥਾਂ ਪਹਿਲਾਂ ਤੋਂ ਚੱਲ ਰਹੇ ਕਬੱਡੀ ਕੱਪ ਨੂੰ ਵੀ ਬੰਦ ਕਰਵਾ ਦਿੱਤਾ। ਇਸ ਦੌਰਾਨ ਗੁਲਜਾਰ ਸਿੰਘ ਰਣੀਕੇ, ਹਰਦੀਪ ਸਿੰਘ ਡਿੰਪੀ ਢਿੱਲੋਂ, ਨਵਤੇਜ ਸਿੰਘ ਕੋਣੀ ਅਤੇ ਅਭੈ ਢਿੱਲੋਂ ਵਲੋਂ ਵੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਮਾਨ, ਸ਼ੈਪੀਂ ਬਾਂਸਲ, ਹਰਪ੍ਰੀਤ ਸਿੰਘ ਕੋਟਭਾਈ, ਬੀਬੀ ਗੁਰਦਿਆਲ ਕੌਰ ਮੱਲ੍ਹਣ, ਜਬਰਜੰਗ ਸਿੰਘ ਢਿੱਲੋਂ ਆਦਿ ਹਾਜ਼ਰ ਸਨ।


author

rajwinder kaur

Content Editor

Related News