ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਨੇ ਲਾਂਚ ਕੀਤੀ 'ਪ੍ਰਾਜੈਕਟ ਭੂਮੀ'

08/08/2022 6:13:36 PM

ਪਟਿਆਲਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ਮੈਮੋਰੀਅਲ ਸੋਸਾਇਟੀ ਦੇ ਸਾਂਝੇ 'ਪ੍ਰਾਜੈਕਟ ਭੂਮੀ' ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੇ ਨਾਲ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਪ੍ਰੋ. ਅਰਵਿੰਦ, ਖੇਤੀ ਵਿਰਾਸਤ ਮਿਸ਼ਨ ਦੇ ਮੋਢੀ ਓਮੇਂਦਰ ਦੱਤ ਤੇ ਬਿਰਲਾ ਸੋਸਾਇਟੀ ਦੇ ਪੀ.ਸੀ. ਸ੍ਰੀਨਿਵਾਸਨ ਵੀ ਮੌਜੂਦ ਸਨ। 

ਇਹ ਵੀ ਪੜ੍ਹੋ- ਬਿਜਲੀ ਸੋਧ ਬਿੱਲ 'ਤੇ ਬੋਲੇ CM ਮਾਨ , 'ਸੜਕ ਤੋਂ ਸੰਸਦ ਤੱਕ ਲੜਾਂਗੇ ਅਧਿਕਾਰਾਂ ਦੀ ਲੜਾਈ'

ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਸਮਾਰੋਹ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਵਿਧਾਨ ਸਭਾ 'ਚ ਇਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਸਪੀਕਰ ਨੇ ਪੰਜਾਬ 'ਚ ਵੀ ਆਰਗੈਨਿਕ ਫਾਰਮਿੰਗ ਬੋਰਡ ਸਥਾਪਤ ਕਰਨ ਦੀ ਵਕਾਲਤ ਕਰਦਿਆਂ ਮਿਲੇਟਸ ਦੀ ਖਰੀਦ ਦੇ ਉਚੇਚੇ ਪ੍ਰਬੰਧ ਕਰਕੇ ਇਨ੍ਹਾਂ ਨੂੰ ਪੌਸ਼ਟਿਕ ਆਹਾਰ ਵਜੋਂ ਮਿਡ ਡੇ ਮੀਲ ਸਕੀਮ ਦਾ ਹਿੱਸਾ ਬਣਾਉਣ ਲਈ ਆਖਿਆ । ਸਪੀਕਰ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਅੰਦਰ ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਲਈ ਗੁਰੂਆਂ ਦੇ ਸੁਨੇਹੇ 'ਤੇ ਫੁੱਲ ਚੜ੍ਹਾਏ ਜਾਣ ਦੀ ਆਸ ਜਤਾਉਂਦਿਆਂ ਆਖਿਆ ਕਿ ਪੰਜਾਬੀ, ਉਨ੍ਹਾਂ ਸ਼ਹੀਦਾਂ ਦੇ ਬੱਚੇ ਹਨ, ਜਿਨ੍ਹਾਂ ਨੇ ਮਿੱਟੀ 'ਚ ਬੰਦੂਕਾਂ ਉਗਾਈਆਂ ਸਨ।

ਝੋਨੇ ਨੂੰ ਪੰਜਾਬ ਲਈ ਇਕ ਸਰਾਪ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਿਲੇਟਸ ਦੀ ਖੇਤੀ ਕਰਕੇ ਇਸ ਸਰਾਪ ਤੋਂ ਖਹਿੜਾ ਛੁਡਵਾਇਆ ਜਾ ਸਕਦਾ ਹੈ। ਸੰਧਵਾਂ ਨੇ ਕਿਹਾ ਕਿ ਸਾਲ 2023 ਨੂੰ ਕੌਮਾਂਤਰੀ ਮਿਲੇਟਸ ਵਰ੍ਹੇ ਵਜੋਂ ਮਨਾਉਂਦਿਆਂ ਖੇਤੀ ਵਿਰਾਸਤ ਮਿਸ਼ਨ ਨੂੰ ਨਾਲ ਲੈਕੇ ਪੰਜਾਬ 'ਚ ਵੀ ਵੱਡੇ ਪੱਧਰ 'ਤੇ ਮੋਟੇ ਅਨਾਜ ਦੀ ਖੇਤੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਨ ਲਈ ਕੁਦਰਤੀ ਖੇਤੀ ਨੂੰ ਆਪਣੇ ਏਜੰਡੇ ਹੇਠ ਲਿਆਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੂੰਗੀ ਦੀ ਖੇਤੀ ਦਾ ਤਰਜ਼ਬਾ ਪਹਿਲੇ ਵਰ੍ਹੇ ਹੀ ਸਫ਼ਲ ਰਿਹਾ ਹੈ, ਉਸੇ ਤਰਜ 'ਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਬਦਲ ਵਜੋਂ ਮੋਟੇ ਅਨਾਜ ਦੀ ਖੇਤੀ ਲਈ ਉਤਸ਼ਾਹਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

ਖੇਤੀਬਾੜੀ ਮੰਤਰੀ ਨੇ ਕਿਹਾ ਕਿ 70 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਪਰੰਤੂ ਇਸ ਸਮੇਂ ਬੰਦ ਪਈ ਮੋਹਾਲੀ ਦੀ ਏ.ਸੀ. ਸਬਜੀ ਮੰਡੀ ਨੂੰ ਚਲਾਉਣ ਲਈ ਸਤੰਬਰ ਮਹੀਨੇ 'ਚ ਉਥੇ ਕੁਦਰਤੀ ਫ਼ਲਾਂ ਤੇ ਸਬਜੀਆਂ ਦਾ ਮੇਲਾ ਲਗਾ ਕੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਰਮੇ ਤੇ ਗੰਨੇ ਦੀ ਫ਼ਸਲ ਨੂੰ ਉਤਸ਼ਾਹਤ ਕਰਨ ਲਈ ਵੀ ਗੰਭੀਰ ਉਪਰਾਲੇ ਕਰ ਰਹੀ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਝੋਨੇ ਦੀ ਖੇਤੀ ਨੂੰ ਸਾਡਾ ਧਰਤੀ ਹੇਠਲਾ ਪਾਣੀ ਖ਼ਤਮ ਕਰਨ ਦੀ ਇੱਕ ਸਾਜ਼ਿਸ਼ ਤਹਿਤ ਪੰਜਾਬ 'ਚ ਲਿਆਂਦਾ ਗਿਆ ਸੀ ਹਾਲਾਂਕਿ ਚੌਲ ਕਦੇ ਵੀ ਪੰਜਾਬੀਆਂ ਦੇ ਭੋਜਨ ਦਾ ਹਿੱਸਾ ਨਹੀਂ ਰਹੇ ਅਤੇ ਹੁਣ ਇਸ ਦੀ ਪਰਾਲੀ ਨੂੰ ਸੰਭਾਲਣਾ ਸਮੱਸਿਆ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੀ ਪਰਾਲੀ ਨਾ ਸਾੜਨ ਦੀ ਅਪੀਲ ਕਰਨ ਕਿਉਂਕਿ ਸਰਕਾਰ ਇਸ ਦੇ ਹੱਲ ਲਈ ਪੂਰੀ ਗੰਭੀਰ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਮੁੱਖ ਮੰਤਰੀ ਸ. ਮਾਨ ਨੇ ਨੀਤੀ ਆਯੋਗ ਦੀ ਮੀਟਿੰਗ 'ਚ ਵੀ ਇਸ ਮੁੱਦੇ ਨੂੰ ਚੁੱਕਿਆ ਹੈ ਪਰੰਤੂ ਇਹ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੀਆਂ ਦੋਵੇਂ ਅਕਾਲੀ ਦਲ ਤੇ ਕਾਂਗਰਸ  ਦੀਆਂ ਸਰਕਾਰਾਂ ਨੇ ਖੇਤੀ ਪ੍ਰਤੀ ਕਦੇ ਗੰਭੀਰਤਾ ਨਹੀਂ ਦਿਖਾਈ। ਖੇਤੀ ਵਿਰਾਸਤ ਮਿਸ਼ਨ ਦੇ ਮੋਢੀ ਓਮੇਂਦਰ ਦੱਤ ਨੇ ਦੱਸਿਆ ਕਿ ਪ੍ਰਾਜੈਕਟ ਭੂਮੀ ਅਧੀਨ ਪਟਿਆਲਾ, ਸੰਗਰੂਰ, ਬਠਿੰਡਾ ਤੇ ਮੋਗਾ ਜ਼ਿਲ੍ਹਿਆਂ ਦੇ 140 ਪਿੰਡਾਂ 'ਚ ਕਰੀਬ 35 ਹਜ਼ਾਰ ਏਕੜ ਰਕਬੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਇਸ ਨੂੰ ਕੁਦਰਤੀ ਤਰੀਕੇ ਨਾਲ ਸੰਭਾਲਣ ਦਾ ਉਪਰਾਲਾ ਕੀਤਾ ਜਾਵੇਗਾ। ਐਮ.ਐਲ.ਏ. ਡਾ. ਬਲਬੀਰ ਸਿੰਘ ਨੇ ਧੰਨਵਾਦ ਕੀਤਾ। ਵੀ.ਸੀ. ਪ੍ਰੋ. ਅਰਵਿੰਦ ਨੇ ਕਿਹਾ ਕਿ ਕੁਰਦਤੀ ਖੇਤੀ ਕਰਦੇ ਕਿਸਾਨ, ਸਰਕਾਰ ਤੇ ਯੂਨੀਵਰਸਿਟੀ ਦੀ ਇਹ ਤਿਕੋਣ ਇਸ ਮੁਹਿੰਮ ਨੂੰ ਜਰੂਰ ਸਫ਼ਲ ਬਣਾਵੇਗੀ ਅਤੇ ਪੰਜਾਬੀ ਯੂਨੀਵਰਸਿਟੀ ਆਪਣਾ ਪੂਰਨ ਯੋਗਦਾਨ ਪਾਵੇਗੀ।

ਨੋਟ-ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News